ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ, ਪੜ੍ਹੋ ਪੂਰਾ ਮਾਮਲਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਦਾਕਾਰਾ ਸ਼ਹਿਨਾਜ਼ ਗਿੱਲ ਤੇ ਇਕ ਮਿਊਜ਼ਿਕ ਕੰਪਨੀ ਵਿਚਾਲੇ ਵਰਕ ਕੰਟ੍ਰੈਕਟ ਨੂੰ ਲੈ ਕੇ ਚੱਲ ਰਹੇ ਵਿਵਾਦ ਦਾ ਨਿਪਟਾਰਾ ਕਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਇਕਰਾਰਨਾਮੇ ਦੀ ਆਜ਼ਾਦੀ ਇਕਰਾਰ ਕਰਨ ਵਾਲੀਆਂ ਧਿਰਾਂ ਵਿਚਕਾਰ ਸਮਾਨਤਾ ਤੇ ਸੌਦੇਬਾਜ਼ੀ ਦੀ ਸ਼ਕਤੀ ‘ਤੇ ਅਧਾਰਤ ਹੋਣੀ ਚਾਹੀਦੀ ਹੈ।

ਹਾਈ ਕੋਰਟ ਨੇ ਕਿਹਾ ਕਿ ਮੌਜੂਦਾ ਮਾਮਲੇ ‘ਚ ਸਮਝੌਤੇ ਦੀਆਂ ਸ਼ਰਤਾਂ ਪਹਿਲੀ ਨਜ਼ਰੇ ਅਣਉੱਚਿਤ ਹਨ ਤੇ ਅਜਿਹਾ ਇਸ ਲਈ ਹੈ ਕਿਉਂਕਿ ਇਕ ਧਿਰ ਕੋਲ ਸੌਦੇਬਾਜ਼ੀ ਦੀ ਬਿਹਤਰ ਸ਼ਕਤੀ ਹੈ ਤੇ ਦੂਜੀ ਧਿਰ ਬਹੁਤ ਨੀਵੀਂ ਸਥਿਤੀ ‘ਚ ਹੈ। ਇਸ ਲਈ ਸਮਝੌਤੇ ਨੂੰ ਪਹਿਲੀ ਨਜ਼ਰੇ ਵੈਲਿਡ ਨਹੀਂ ਮੰਨਿਆ ਜਾ ਸਕਦਾ ਹੈ। ਨਾਲ ਹੀ ਇਸ ਨੂੰ ਮੁਦਈ (ਸ਼ਹਿਨਾਜ਼ ਗਿੱਲ) ਲਈ ਮਜਬੂਰੀ ਨਹੀਂ ਕਿਹਾ ਜਾ ਸਕਦਾ।

ਜਸਟਿਸ ਗੁਰਬੀਰ ਸਿੰਘ ਨੇ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਕੌਰ ਉਰਫ਼ ਸ਼ਹਿਨਾਜ਼ ਗਿੱਲ ਖ਼ਿਲਾਫ਼ ਸੱਜਣ ਕੁਮਾਰ ਦੁਹਨ ਤੇ ਇਕ ਹੋਰ ਵੱਲੋਂ ਦਾਇਰ ਪਟੀਸ਼ਨ ਨੂੰ ਖ਼ਾਰਜ ਕਰਦਿਆਂ ਇਹ ਹੁਕਮ ਪਾਸ ਕੀਤੇ ਹਨ। ਅਪੀਲਕਰਤਾ ਨੇ ਸ਼ਹਿਨਾਜ਼ ਦੇ ਹੱਕ ‘ਚ 29 ਅਗਸਤ, 2023 ਦੇ ਹੁਕਮ ਨੂੰ ਮੁਹਾਲੀ ਦੀ ਇਕ ਸਥਾਨਕ ਅਦਾਲਤ ‘ਚ ਚੁਣੌਤੀ ਦਿੱਤੀ ਸੀ। ਅਪੀਲਕਰਤਾ ਸਿਮਰਨ ਮਿਊਜ਼ਿਕ ਇੰਡਸਟਰੀ ਦਾ ਮਾਲਕ ਸੀ। ਸ਼ਹਿਨਾਜ਼ ਨੇ ਉਨ੍ਹਾਂ ਨਾਲ ਕਈ ਗੀਤਾਂ ਤੇ ਸੰਗੀਤ ਵੀਡੀਓਜ਼ ‘ਚ ਪਰਫਾਰਮ ਕੀਤਾ ਹੈ। ਜਿਸ ਵਿੱਚ ਇਕ ਗੀਤ ਵਹਿਮ ਵੀ ਸ਼ਾਮਲ ਹੈ, ਜੋ ਸਾਲ 2019 ‘ਚ ਰਿਕਾਰਡ ਕੀਤਾ ਗਿਆ ਸੀ। ਸਾਲ 2019 ‘ਚ ਹੀ ਸ਼ਹਿਨਾਜ਼ ਨੂੰ ਰਿਐਲਿਟੀ ਟੀਵੀ ਸ਼ੋਅ ਬਿੱਗ ਬੌਸ ਸੀਜ਼ਨ 13 ‘ਚ ਕੰਟੈਸਟੈਂਟ ਵਜੋਂ ਬੁਲਾਇਆ ਗਿਆ ਸੀ ਜਿਸ ਲਈ ਉਹ 27 ਸਤੰਬਰ, 2019 ਨੂੰ ਬਿੱਗ ਬੌਸ ਦੇ ਘਰ ‘ਚ ਦਾਖਲ ਹੋਈ ਸੀ।

ਅੱਗੇ ਇਹ ਦਲੀਲ ਦਿੱਤੀ ਗਈ ਸੀ ਕਿ ਬਿੱਗ ਬੌਸ ਦੇ ਘਰ ‘ਚ ਦਾਖਲ ਹੋਣ ਤੋਂ ਦੋ ਦਿਨ ਪਹਿਲਾਂ ਕੇਸ ਵਿਚ ਅਪੀਲਕਰਤਾ ਨੇ ਉਸ ਨਾਲ ਸੰਪਰਕ ਕੀਤਾ ਤੇ ਭਵਿੱਖ ਵਿੱਚ ਆਪਣੇ ਕੰਮਕਾਜੀ ਸਬੰਧਾਂ ਦੇ ਸਬੰਧ ‘ਚ ਇਕ ਸਮਝੌਤਾ ਪੱਤਰ ‘ਤੇ ਦਸਤਖਤ ਕਰਨ ਦੀ ਬੇਨਤੀ ਕੀਤੀ। ਵਾਰ-ਵਾਰ ਬੇਨਤੀਆਂ ਤੋਂ ਬਾਅਦ ਉਸਨੇ ਜਲਦੀ ਨਾਲ ਇਸ ‘ਤੇ ਦਸਤਖਤ ਕੀਤੇ ਤੇ ਬਿੱਗ ਬੌਸ ਹਾਊਸ ਲਈ ਰਵਾਨਾ ਹੋ ਗਈ।

Advertisement