ਅਮਨ ਸਹਿਰਾਵਤ ਨੇ ਭਾਰਤ ਨੂੰ ਦਿਵਾਇਆ 6ਵਾਂ ਤਮਗਾ, ਜਿੱਤਿਆ Bronze Medal

ਭਾਰਤ ਦੇ ਉਭਰਦੇ ਪਹਿਲਵਾਨ ਅਮਨ ਸਹਿਰਾਵਤ ਨੇ ਪੈਰਿਸ ਓਲੰਪਿਕ 2024 ਵਿੱਚ ਕੁਸ਼ਤੀ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਅਮਨ ਨੇ ਪੈਰਿਸ ਖੇਡਾਂ ਦੇ 14ਵੇਂ ਦਿਨ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਪੋਰਟੋ ਰੀਕੋ ਦੇ ਪਹਿਲਵਾਨ ਡੇਰੀਅਨ ਕਰੂਜ਼ ਨੂੰ 13-5 ਨਾਲ ਹਰਾਇਆ। ਇਸ ਓਲੰਪਿਕ ਵਿੱਚ ਭਾਰਤ ਦਾ ਇਹ ਕੁੱਲ ਛੇਵਾਂ ਤਮਗਾ ਹੈ। ਇਸ ਤਰ੍ਹਾਂ ਭਾਰਤ ਨੇ ਪਿਛਲੀਆਂ 4 ਓਲੰਪਿਕ ਖੇਡਾਂ ਵਿੱਚ ਕੁਸ਼ਤੀ ਵਿੱਚ ਤਗ਼ਮੇ ਜਿੱਤਣ ਦੀ ਰਵਾਇਤ ਨੂੰ ਕਾਇਮ ਰੱਖਿਆ। ਭਾਰਤੀ ਪਹਿਲਵਾਨ 2008 ਤੋਂ 2024 ਤੱਕ ਲਗਾਤਾਰ ਓਲੰਪਿਕ ਖੇਡਾਂ ਵਿੱਚ ਤਗਮੇ ਜਿੱਤਦੇ ਰਹੇ ਹਨ।

ਉਨ੍ਹਾਂ ਕਾਂਸੀ ਤਗ਼ਮੇ ਦੇ ਮੈਚ ਵਿੱਚ ਸ਼ੁਰੂ ਤੋਂ ਹੀ ਦਬਾਅ ਬਣਾਇਆ ਅਤੇ ਆਪਣੇ ਵਿਰੋਧੀ ਨੂੰ ਜ਼ਿਆਦਾ ਮੌਕੇ ਨਹੀਂ ਦਿੱਤੇ। ਪੈਰਿਸ ਓਲੰਪਿਕ ਵਿੱਚ ਭਾਰਤ ਦਾ ਇਹ ਛੇਵਾਂ ਤਮਗਾ ਹੈ। ਇਸ ਤੋਂ ਪਹਿਲਾਂ ਨਿਸ਼ਾਨੇਬਾਜ਼ੀ ਵਿੱਚ ਮਨੂ ਭਾਕਰ (10 ਮੀਟਰ ਏਅਰ ਪਿਸਟਲ), ਮਨੂ ਭਾਕਰ ਅਤੇ ਸਰਬਜੋਤ ਸਿੰਘ (10 ਮੀਟਰ ਏਅਰ ਪਿਸਟਲ ਮਿਕਸਡ ਟੀਮ), ਸਵਪਨਿਲ ਕੁਸਲੇ (50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ) ਅਤੇ ਭਾਰਤੀ ਪੁਰਸ਼ ਹਾਕੀ ਟੀਮ ਨੇ ਕਾਂਸੀ ਦੇ ਤਗ਼ਮੇ ਜਿੱਤੇ, ਜਦੋਂ ਕਿ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਚਾਂਦੀ ਦਾ ਤਗਮਾ ਜਿੱਤਿਆ।

ਦਸ ਦੇਈਏ ਕਿ ਇਸ ਤੋਂ ਪਹਿਲਾਂ ਅਮਨ ਸਹਿਰਾਵਤ (Aman Sehrawat) ਸੈਮੀਫਾਈਨਲ ‘ਚ ਚੋਟੀ ਦਾ ਦਰਜਾ ਪ੍ਰਾਪਤ ਜਾਪਾਨ ਦੇ ਰੀ ਹਿਗੁਚੀ ਤੋਂ ਹਾਰ ਗਏ ਸਨ। ਇਸ ਹਾਰ ਨਾਲ ਉਸ ਦਾ ਸੋਨ ਤਮਗਾ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ। ਹਰਿਆਣਾ ਦੇ ਅਮਨ ਨੇ ਤਕਨੀਕੀ ਉੱਤਮਤਾ ਦੇ ਆਧਾਰ ‘ਤੇ ਆਪਣੇ ਸ਼ੁਰੂਆਤੀ ਦੋਵੇਂ ਮੁਕਾਬਲੇ ਜਿੱਤੇ ਸਨ।

Advertisement