ਇਸ ਜਗ੍ਹਾਂ ਦਾ ਨਾਮ ਬਦਲਣ ਨੂੰ ਲੈ ਕੇ ਸੁਨੀਲ ਜਾਖੜ ਨੇ PM ਮੋਦੀ ਨੂੰ ਲਿਖੀ ਚਿੱਠੀ

ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਜਿੱਥੇ ਉਨ੍ਹਾਂ ਨੂੰ ਤੀਜੀ ਵਾਰ ਇਸ ਵਕਾਰੀ ਮੁਕਾਮ ਉਤੇ ਪੁੱਜਣ ਲਈ ਪੰਜਾਬ ਦੇ ਲੋਕਾਂ ਵੱਲੋਂ ਸੁਭਕਾਮਨਾਵਾਂ ਭੇਜੀਆਂ ਹਨ, ਉਥੇ ਹੀ ਉਨ੍ਹਾਂ ਨੇ ਪੰਜਾਬ ਦੇ ਆਦਮਪੁਰ ਹਵਾਈ ਅੱਡੇ ਦਾ ਨਾਂਅ ਗੁਰੂ ਰਵਿਦਾਸ ਜੀ ਦੇ ਨਾਂਅ ਉਤੇ ਰੱਖਣ ਅਤੇ ਦਿੱਲੀ ਦੇ ਤੁਗਲਕਾਬਾਦ ਸਥਿਤ ਗੁਰੂ ਰਵਿਦਾਸ ਮੰਦਿਰ ਦੇ ਨਵੀਨੀਕਰਨ ਅਤੇ ਉਸ ਦੇ ਆਲੇ ਦੁਆਲੇ ਦੇ ਸੁੰਦਰੀਕਰਨ ਦੀ ਅਪੀਲ ਵੀ ਕੀਤੀ ਹੈ। ਚਿੱਠੀ ਵਿਚ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਦਾ ਧਿਆਨ ਉਨ੍ਹਾਂ ਦੋ ਮੁੱਦਿਆਂ ਵੱਲ ਖਿੱਚਿਆ ਹੈ ਜਿਨ੍ਹਾਂ ਦਾ ਲੋਕਾਂ ਦੇ ਮਨਾਂ ‘ਤੇ ਡੂੰਘਾ ਭਾਵਾਨਾਤਮਕ ਅਤੇ ਅਧਿਆਤਮਿਕ ਪ੍ਰਭਾਵ ਹੈ। ਇਹ ਮੁੱਦੇ ਸਮਾਜ ਪ੍ਰਤੀ ਪਾਰਟੀ ਦੀ ਵਚਨਬੱਧਤਾ ਨਾਲ ਵੀ ਜੁੜੇ ਹਨ।

ਸੁਨੀਲ ਜਾਖੜ ਨੇ ਲਿਖਿਆ ਹੈ ਕਿ ਗੁਰੂ ਭਗਤ ਰਵਿਦਾਸ ਜੀ ਦੇ ਨਾਂਅ ਉਤੇ ਆਦਮਪੁਰ ਹਵਾਈ ਅੱਡੇ ਦਾ ਨਾਂਅ ਰੱਖਣ ਦੀ ਪੰਜਾਬ ਦੀ ਪੁਰਾਣੀ ਮੰਗ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਨੇ ਆਪਣੀ ਪੰਜਾਬ ਫੇਰੀ ਦੌਰਾਨ ਅਜਿਹੀ ਇੱਛਾ ਵੀ ਪ੍ਰਗਟਾਈ ਸੀ। ਸੂਬਾ ਪ੍ਰਧਾਨ ਨੇ ਆਖਿਆ ਕਿ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਇਸ ਨਾਲ ਪੰਜਾਬ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਪੂਰੀ ਹੋ ਜਾਵੇਗੀ।

Advertisement