ਕੋਰੋਨਾ ਤੋਂ ਬਾਅਦ ਫੈਲਿਆ ਇਹ ਵਾਇਰਸ, ਸਿਹਤ ਵਿਭਾਗ ਹੋਇਆ ਚੌਕਸ

ਭਾਰਤ ਵਿਚ ਇਨ੍ਹੀਂ ਦਿਨੀਂ ਇਕ ਬਿਮਾਰੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਗੁਜਰਾਤ ਦੇ ਅਰਾਵਲੀ ਜ਼ਿਲ੍ਹੇ ਵਿਚ ਪਿਛਲੇ ਕੁਝ ਸਮੇਂ ਤੋਂ ਚਾਂਦੀਪੁਰਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਇਹ ਬਿਮਾਰੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਹੁਣ ਇਸ ਕਾਰਨ ਜ਼ਿਲ੍ਹੇ ਵਿੱਚ 6 ਮੌਤਾਂ ਹੋ ਚੁੱਕੀਆਂ ਹਨ। ਗੁਜਰਾਤ ਤੋਂ ਬਾਅਦ ਹੁਣ ਰਾਜਸਥਾਨ ਵਿਚ ਚਾਂਦੀਪੁਰਾ ਵਾਇਰਸ ਦੀ ਐਂਟਰੀ ਹੋ ਚੁੱਕੀ ਹੈ। ਉਦੈਪੁਰ ਦੇ ਆਦਿਵਾਸੀ ਖੇਤਰ ਦੇ 2 ਬੱਚਿਆਂ ਵਿੱਚ ਇਹ ਲੱਛਣ ਪਾਏ ਗਏ। ਜਿਸ ਵਿੱਚੋਂ ਇੱਕ ਬੱਚੇ ਦੀ ਗੁਜਰਾਤ ਦੇ ਹਿੰਮਤਨਗਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। 

ਇੱਕ ਹੋਰ 4 ਸਾਲ ਦਾ ਮਾਸੂਮ ਬੱਚਾ ਇਸ ਵਾਇਰਸ ਦੀ ਲਪੇਟ ਵਿੱਚ ਹੈ। ਹਾਲਾਂਕਿ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਮਾਹਿਰਾਂ ਅਨੁਸਾਰ ਇਹ ਵਾਇਰਸ ਸਿੱਧਾ ਦਿਮਾਗ ‘ਤੇ ਹਮਲਾ ਕਰਦਾ ਹੈ। ਪਹਿਲਾਂ ਫਲੂ ਦੇ ਲੱਛਣ ਦਿਖਾਈ ਦਿੰਦੇ ਹਨ ਅਤੇ ਫਿਰ ਬੱਚਾ ਕੋਮਾ ਵਿੱਚ ਚਲਾ ਜਾਂਦਾ ਹੈ। ਦੋ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੈਡੀਕਲ ਵਿਭਾਗ ਦੀ ਟੀਮ ਉਨ੍ਹਾਂ ਦੇ ਪਿੰਡ ਜਾ ਕੇ ਹੋਰ ਬੱਚਿਆਂ ਦੇ ਸੈਂਪਲ ਲੈ ਰਹੀ ਸੀ। 

ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦੇ ਸੈਂਪਲ ਵੀ ਪੁਣੇ ਦੀ ਲੈਬ ‘ਚ ਭੇਜੇ ਜਾ ਰਹੇ ਹਨ। ਸਿਹਤ ਵਿਭਾਗ ਦੇ ਹਵਾਲੇ ਨਾਲ ਮੀਡੀਆ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਮਹਾਰਾਸ਼ਟਰ ਦੇ ਚਾਂਦੀਪੁਰਾ ਪਿੰਡ ‘ਚ ਸਾਲ 1965 ‘ਚ ਚਾਂਦੀਪੁਰਾ ਵਾਇਰਸ ਫੈਲਿਆ ਸੀ। ਉਥੋਂ ਇਸ ਦਾ ਨਾਂ ਚਾਂਦੀਪੁਰਾ ਵਾਇਰਸ ਪਿਆ। ਇਹ ਵਾਇਰਸ ਬਰਸਾਤ ਦੌਰਾਨ ਮੱਛਰਾਂ ਅਤੇ ਮੱਖੀਆਂ ਰਾਹੀਂ ਫੈਲਦਾ ਹੈ। ਇਹ ਦੋ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੈਡੀਕਲ ਵਿਭਾਗ ਨੇ ਗੁਜਰਾਤ ਨਾਲ ਲੱਗਦੇ ਸਰਹੱਦੀ ਇਲਾਕਿਆਂ ‘ਚ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਹੈ।

ਦੱਸ ਦਈਏ ਕਿ 27 ਜੂਨ ਨੂੰ ਉਦੈਪੁਰ ਦੇ ਕਬਾਇਲੀ ਖੇਤਰ ਦੇ ਨਯਾਖੰਡ ਨੇੜੇ ਬਲਿਚਾ ਪਿੰਡ ਦੇ ਇੱਕ ਮਾਸੂਮ ਬੱਚੇ ਦੀ ਮੌਤ ਹੋ ਗਈ ਸੀ। ਹਾਲਾਂਕਿ ਉਦੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਸੀ। ਜਦੋਂ ਗੁਜਰਾਤ ਵਿੱਚ ਕੁਝ ਬੱਚਿਆਂ ਦੀ ਮੌਤ ਹੋਈ ਤਾਂ ਉਨ੍ਹਾਂ ਵਿੱਚ ਚਾਂਦੀਪੁਰਾ ਵਾਇਰਸ ਦੇ ਲੱਛਣ ਪਾਏ ਗਏ।

Advertisement