ਖਾਲਿਸਤਾਨੀ ਸੰਗਠਨ ਰਚ ਰਿਹਾ ਹੈ ਵੱਡੀ ਸਾਜ਼ਿਸ਼, ਅਲਰਟ ਜਾਰੀ

ਖਾਲਿਸਤਾਨੀ ਜਥੇਬੰਦੀਆਂ ਆਜ਼ਾਦੀ ਦਿਵਸ ਨੂੰ ਲੈ ਕੇ ਵੱਡੀ ਸਾਜ਼ਿਸ਼ ਰਚ ਰਹੀਆਂ ਹਨ। ਖਾਲਿਸਤਾਨੀ ਸਾਜਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 15 ਅਗਸਤ ਨੂੰ ਇਹ ਜਥੇਬੰਦੀਆਂ ਦਿੱਲੀ ਦੀਆਂ ਵੱਖ-ਵੱਖ ਥਾਵਾਂ ‘ਤੇ ਖਾਲਿਸਤਾਨੀ ਨਾਅਰਿਆਂ ਵਾਲੇ ਪੋਸਟਰ ਲਗਾ ਸਕਦੀਆਂ ਹਨ। ਇੰਨਾ ਹੀ ਨਹੀਂ ਦਿੱਲੀ ਪੁਲਿਸ ਨੂੰ ਟਾਰਗੇਟ ਕਿਲਿੰਗ ਦੇ ਵੀ ਇਨਪੁਟ ਮਿਲੇ ਹਨ। ਖੁਫੀਆ ਸੂਚਨਾ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਅਲਰਟ ‘ਤੇ ਆ ਗਈ ਹੈ। ਦਿੱਲੀ ਪੁਲਿਸ ਕਮਿਸ਼ਨਰ ਨੇ ਇਸ ਸਬੰਧੀ ਹਾਈਲੈਵਲ ਮੀਟਿੰਗ ਵੀ ਕੀਤੀ ਹੈ। ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਵੀ ਅਲਰਟ ‘ਤੇ ਆ ਗਿਆ ਹੈ। 15 ਅਗਸਤ ਦੇ ਮੱਦੇਨਜ਼ਰ ਦਿੱਲੀ ਪੁਲਿਸ ਲਾਪਰਵਾਹੀ ਨਹੀਂ ਵਰਤਣਾ ਚਾਹੁੰਦੀ।

ਹਾਲ ਹੀ ਵਿੱਚ ਭਾਰਤ ਵਿੱਚ ਖਾਲਿਸਤਾਨੀ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਹਾਲ ਹੀ ‘ਚ ਰਾਜਧਾਨੀ ਦਿੱਲੀ ‘ਚ ਅਜਿਹੀਆਂ ਕਈ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ, ਜਦੋਂ ਦਿੱਲੀ ਮੈਟਰੋ ਸਮੇਤ ਕਈ ਥਾਵਾਂ ‘ਤੇ ਖਾਲਿਸਤਾਨ ਦੇ ਸਮਰਥਨ ‘ਚ ਪੋਸਟਰ ਲਗਾਏ ਗਏ ਹਨ। ਇਸ ਸਭ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਆਜ਼ਾਦੀ ਦਿਵਸ ਮੌਕੇ ਚੌਕਸੀ ਵਧਾ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਤੰਤਰਤਾ ਦਿਵਸ ‘ਤੇ ਲਾਲ ਕਿਲੇ ‘ਤੇ ਤਿਰੰਗਾ ਲਹਿਰਾਉਣਗੇ। ਇਸ ਸਬੰਧੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ।

ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਖਾਲਿਸਤਾਨੀਆਂ ਦੇ ਨੈੱਟਵਰਕ ਖਿਲਾਫ ਵੱਡੀ ਕਾਰਵਾਈ ਕੀਤੀ ਸੀ। ਪੁਲਿਸ ਨੇ ਕੈਨੇਡਾ ਵਿੱਚ ਬੈਠੇ ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਲੰਡਾ ਦੇ ਸਾਥੀ ਫਿਰੌਤੀ ਨੈੱਟਵਰਕ, ਹਥਿਆਰ, ਪਾਕਿਸਤਾਨ ਤੋਂ ਆਉਣ ਵਾਲੇ ਨਸ਼ੇ ਅਤੇ ਹੋਰ ਅਪਰਾਧਾਂ ‘ਚ ਸ਼ਾਮਲ ਸਨ।

Advertisement