ਚਾਰਧਾਮ ਦੀ ਯਾਤਰਾ ਸ਼ੁਰੂ, ਅੱਜ ਖੁੱਲ੍ਹੇ ਕੇਦਾਰਨਾਥ ਦੇ ਕਪਾਟ

ਉਤਰਾਖੰਡ ਦੀ ਚਾਰ ਧਾਮ ਯਾਤਰਾ ਅੱਜ ਤੋਂ ਸ਼ੁਰੂ ਹੋ ਗਈ ਹੈ। ਕੇਦਾਰਨਾਥਦੇ ਕਪਾਟ ਸਵੇਰੇ 6.55 ਵਜੇ ਖੋਲ੍ਹੇ ਗਏ। ਹਜ਼ਾਰਾਂ ਤੀਰਥ ਯਾਤਰੀਆਂ ਦੇ ਨਾਲ ਸੀਐੱਮ ਪੁਸ਼ਕਰ ਸਿੰਘ ਧਾਮੀ ਵੀ ਆਪਣੀ ਪਤਨੀ ਨਾਲ ਦਰਸ਼ਨ ਲਈ ਪਹੁੰਚੇ। ਕੇਦਾਰਨਾਥ ਤੋਂ ਇਲਾਵਾ ਗੰਗੋਤਰੀ ਤੇ ਯਮੁਨੇਤਰੀ ਦੇ ਕਪਾਟ ਵੀ ਅੱਜ ਖੁੱਲ੍ਹਣਗੇ ਜਦੋਂ ਕਿ ਬਦਰੀਨਾਥ ਮੰਦਰ ਵਿਚ ਦਰਸ਼ਨ 12 ਮਈ ਤੋਂ ਹੋਣਗੇ।

ਇਨ੍ਹਾਂ ਧਾਮਾਂ ‘ਤੇ ਦਿਨ ਦਾ ਤਾਪਮਾਨ 0 ਤੋਂ 3 ਡਿਗਰੀ ਦਰਜ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਰਾਤ ਵਿਚ ਪਾਰਾ ਮਾਈਨਸ ਵਿਚ ਪਹੁੰਚ ਰਿਹਾ ਹੈ। ਇਸ ਦੇ ਬਾਵਜੂਦ ਕੇਦਾਰਨਾਥ ਧਾਮ ਤੋਂ 16 ਕਿਲੋਮੀਟਰ ਪਹਿਲਾਂ ਗੌਰੀਕੁੰਡ ਵਿਚ ਲਗਭਗ 10,000 ਸ਼ਰਧਾਲੂ ਪਹੁੰਚ ਚੁੱਕੇ ਹਨ। ਪਿਛਲੇ ਸਾਲ ਇਹ ਅੰਕੜਾ 7 ਤੋਂ 8 ਹਜ਼ਾਰ ਦੇ ਵਿਚ ਸੀ। ਇਥੇ ਲਗਭਗ 1500 ਕਮਰੇ ਹਨ, ਜੋ ਭਰੇ ਹੋਏ ਹਨ। ਰਜਿਸਟਰਡ 5545 ਖੱਚਰ ਬੁੱਕ ਹੋ ਚੁੱਕੇ ਹਨ।

ਹਰਿਦੁਆਰ ਤੇ ਰਿਸ਼ੀਕੇਸ਼ ਵਿਚ 15 ਹਜ਼ਾਰ ਤੋਂ ਜ਼ਿਆਦਾ ਯਾਤਰੀ ਪਹੁੰਚ ਚੁੱਕੇ ਹਨ। ਚਾਰ ਧਾਮ ਯਾਤਰਾ ਲਈ ਹੁਣ ਤੱਕ 22.15 ਲੱਖ ਤੋਂ ਜ਼ਿਆਦਾ ਸ਼ਰਧਾਲੂ ਰਜਿਸਟ੍ਰੇਸ਼ਨ ਕਰਾ ਚੁੱਕੇ ਹਨ। ਪਿਛਲੇ ਸਾਲ ਰਿਕਾਰਡ 55 ਲੱਖ ਲੋਕਾਂ ਨੇ ਦਰਸ਼ਨ ਕੀਤੇ ਸੀ।

Advertisement