ਚੋਣ ਜ਼ਾਬਤੇ ਦੀ ਉਲੰਘਣਾ ਮਾਮਲੇ ‘ਚ ਭਾਜਪਾ ਤੇ ਕਾਂਗਰਸ ਨੂੰ ਨੋਟਿਸ

ਚੋਣ ਜ਼ਾਬਤੇ ਦੀ ਉਲੰਘਣਾ ਦੇ ਇਲਜ਼ਾਮਾਂ ‘ਤੇ ਚੋਣ ਕਮਿਸ਼ਨ ਨੇ ਪੀਐੱਮ ਮੋਦੀ ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਭਾਸ਼ਣਾਂ ਦਾ ਖੁਦ ਨੋਟਿਸ ਲੈਂਦਿਆਂ ਨੋਟਿਸ ਜਾਰੀ ਕੀਤਾ ਹੈ। ਚੋਣ ਕਮਿਸ਼ਨ ਨੇ ਦੋਵਾਂ ਪਾਰਟੀਆਂ ਤੋਂ 29 ਅਪ੍ਰੈਲ ਸਵੇਰੇ 11 ਵਜੇ ਤੱਕ ਜਵਾਬ ਮੰਗਿਆ ਹੈ । ਭਾਜਪਾ ਅਤੇ ਕਾਂਗਰਸ ਦੋਵਾਂ ਪਾਰਟੀਆਂ ਨੇ ਇੱਕ-ਦੂਜੇ ਦੇ ਨੇਤਾਵਾਂ ਖਿਲਾਫ ਚੋਣ ਕਮਿਸ਼ਨ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਉਨ੍ਹਾਂ ‘ਤੇ ਧਰਮ, ਜਾਤ, ਸੰਪਰਦਾ ਅਤੇ ਭਾਸ਼ਾ ਦੇ ਨਾਂ ‘ਤੇ ਲੋਕਾਂ ਵਿੱਚ ਨਫਰਤ ਫੈਲਾਉਣ ਅਤੇ ਵੱਖਵਾਦ ਨੂੰ ਉਤਸ਼ਾਹਿਤ ਕਰਨ ਦੇ ਇਲਜ਼ਾਮ ਲਗਾਏ ਸਨ।

ਦੱਸ ਦੇਈਏ ਕਿ ਚੋਣ ਕਮਿਸ਼ਨ ਨੇ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 77 ਦੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਪਾਰਟੀ ਪ੍ਰਧਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਦੋਵਾਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਨੋਟਿਸ ਭੇਜੇ ਗਏ ਹਨ । ਚੋਣ ਕਮਿਸ਼ਨ ਨੇ 29 ਅਪ੍ਰੈਲ ਸਵੇਰੇ 11 ਵਜੇ ਤੱਕ ਨੋਟਿਸ ਦਾ ਜਵਾਬ ਮੰਗਿਆ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਨੂੰ ਆਪਣੇ ਉਮੀਦਵਾਰਾਂ, ਸਟਾਰ ਪ੍ਰਚਾਰਕਾਂ ਦੇ ਚਰਿੱਤਰ ਦੀ ਜ਼ਿੰਮੇਵਾਰੀ ਲੈਣੀ ਪਵੇਗੀ। ਖਾਸ ਕਰ ਕੇ ਉੱਚੇ ਅਹੁਦਿਆਂ ‘ਤੇ ਬੈਠੇ ਲੋਕਾਂ ਵੱਲੋਂ ਚੋਣ ਪ੍ਰਚਾਰ ਦੇ ਦੌਰਾਨ ਅਜਿਹੇ ਭਾਸ਼ਣ ਹੋਰ ਵੀ ਚਿੰਤਾਜਨਕ ਹਨ ਅਤੇ ਇਸਦੇ ਗੰਭੀਰ ਸਿੱਟੇ ਹੋ ਸਕਦੇ ਹਨ।

Advertisement