ਜਲੰਧਰ ਚ ਹੋਈ ਨਵੇਂ DC ਦੀ ਤਾਇਨਾਤੀ, ਪੜ੍ਹੋ ਕਿੱਥੇ ਹੋਈ ਨਵੇਂ ਪੁਲਿਸ ਅਧਿਕਾਰੀ ਦੀ ਨਿਯੁਕਤੀ

ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਨੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੂੰ ਜਲੰਧਰ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈ। ਜਦਕਿ ਗੁਰਦਾਸਪੁਰ ਦਾ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੂੰ ਲਗਾਇਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਗਦਲੇ ਨੀਲਾਂਬਰੀ ਵਿਜੇ ਨੂੰ ਰੋਪੜ ਰੇਂਜ ਦੀ ਡੀਆਈਜੀ ਅਤੇ ਰਾਕੇਸ਼ ਕੁਮਾਰ ਕੌਸ਼ਲ ਨੂੰ ਡੀਆਈਜੀ ਬਾਰਡਰ ਰੇਂਜ ਤੈਨਾਤ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੇ ਇੱਕ ਸ਼ਿਕਾਇਤ ਦੇ ਆਧਾਰ ‘ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੂੰ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਸਬੰਧੀ ਜਾਰੀ ਹੋਏ ਪੱਤਰ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਮੌਜੂਦਾ ਪੋਸਟਿੰਗ ਤੋਂ ਹਟਾ ਕੇ ਕਿਸੇ ਹੋਰ ਥਾਂ ਤਬਦੀਲ ਕੀਤਾ ਜਾਵੇ, ਜੋ ਕਿ ਉਨ੍ਹਾਂ ਦਾ ਗ੍ਰਹਿ ਜ਼ਿਲ੍ਹਾ ਨਾ ਹੋਵੇ। ਇਸ ਦੇ ਨਾਲ ਹੀ ਇਹ ਵੀ ਲਿਖਿਆ ਗਿਆ ਸੀ ਕਿ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਉਨ੍ਹਾਂ ਨੂੰ ਜ਼ਿਲ੍ਹੇ ਤੋਂ ਕਿਤੇ ਬਾਹਰ ਲਗਾਇਆ ਜਾਵੇ ਜੋ ਕਿ ਜਲੰਧਰ ਲੋਕ ਸਭਾ ਹਲਕੇ ਵਿਚ ਨਾ ਹੋਵੇ। ਜਲੰਧਰ ਦਾ ਨਵਾਂ ਡਿਪਟੀ ਕਮਿਸ਼ਨਰ ਤੈਨਾਤ ਕਰਨ ਲਈ ਚੋਣ ਕਮਿਸ਼ਨ ਨੇ 3 ਅਧਿਕਾਰੀਆਂ ਦੇ ਪੈਨਲ ਦੀ ਮੰਗ ਕੀਤੀ ਸੀ ।

ਇਸੇ ਤਰ੍ਹਾਂ ਰੋਪੜ ਰੇਂਜ ਦੇ ਏਡੀਜੀਪੀ ਜਸਕਰਨ ਸਿੰਘ ਅਤੇ ਬਾਰਡਰ ਰੇਂਜ ਦੇ ਡੀਆਈਜੀ ਨਰਿੰਦਰ ਭਾਰਗਵ ਨੂੰ ਵੀ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਵੀ ਮੌਜੂਦਾ ਜ਼ਿਲ੍ਹਿਆਂ ਤੋਂ ਬਾਹਰ ਲਗਾਉਣ ਲਈ ਕਿਹਾ ਗਿਆ ਹੈ ਅਤੇ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਗਿਆ ਹੈ ਕਿ ਨਵੀਂ ਤੈਨਾਤੀ ਵਾਲੇ ਜ਼ਿਲ੍ਹੇ ਮੌਜੂਦਾ ਤੈਨਾਤੀ ਵਾਲੇ ਜ਼ਿਲ੍ਹੇ ਜਾਂ ਲੋਕ ਸਭਾ ਸੀਟ ਅਧੀਨ ਨਾ ਆਉਂਦੇ ਹੋਣ।

Advertisement