ਟਮਾਟਰ ਦੀਆਂ ਕੀਮਤਾਂ ਨੇ ਉਡਾਏ ਸਭ ਦੇ ਹੋਸ਼, 80 ਰੁਪਏ ਕਿਲੋ ਪਹੁੰਚਿਆ ਭਾਅ

ਇੱਕ ਪਾਸੇ ਜਿੱਥੇ ਮਾਨਸੂਨ ਦੇ ਨਾਲ-ਨਾਲ ਦੇਸ਼ ਭਰ ਵਿੱਚ ਹੋਈ ਭਾਰੀ ਬਾਰਿਸ਼ ਨੇ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਦੂਜੇ ਪਾਸੇ ਸਬਜ਼ੀਆਂ ਦੇ ਭਾਅ ਵੱਧ ਜਾਂਦੇ ਹਨ, ਜਿਸ ਦਾ ਅਸਰ ਲੋਕਾਂ ਦੀਆਂ ਜੇਬਾਂ ‘ਤੇ ਪੈਂਦਾ ਹੈ। ਖਾਸ ਕਰਕੇ ਰਸੋਈ ਦੇ ਮਾਮਲੇ ਵਿੱਚ ਲੋਕਾਂ ਦੇ ਖਰਚੇ ਵਧਣ ਜਾ ਰਹੇ ਹਨ। ਆਲੂ ਅਤੇ ਪਿਆਜ਼ ਤੋਂ ਬਾਅਦ ਰਸੋਈ ‘ਚ ਸਭ ਤੋਂ ਜ਼ਿਆਦਾ ਵਰਤੇ ਜਾਣ ਵਾਲੇ ਟਮਾਟਰਾਂ (Tomato) ਦੀਆਂ ਕੀਮਤਾਂ ਪਿਛਲੇ ਕੁੱਝ ਦਿਨਾਂ ‘ਚ ਅਸਮਾਨ ਨੂੰ ਛੂਹ ਗਈਆਂ ਹਨ।

ET ਦੀ ਇਕ ਰਿਪੋਰਟ ਮੁਤਾਬਕ ਪਿਛਲੇ ਕੁੱਝ ਦਿਨਾਂ ‘ਚ ਟਮਾਟਰ ਦੀਆਂ ਰੀਟੇਲ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ ਅਤੇ ਹੁਣ ਇਹ 80 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈਆਂ ਹਨ। ਰਿਪੋਰਟ ਮੁਤਾਬਕ ਮੀਂਹ ਕਾਰਨ ਟਮਾਟਰਾਂ ਦੀ ਸਪਲਾਈ ਵਿੱਚ ਵਿਘਨ ਪੈ ਗਿਆ ਹੈ, ਜਿਸ ਕਾਰਨ ਕੁਝ ਰੀਟੇਲ ਬਾਜ਼ਾਰਾਂ ਵਿੱਚ ਟਮਾਟਰ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਣ ਲੱਗੇ ਹਨ।

ਹਾਲਾਂਕਿ ਸਰਕਾਰੀ ਅੰਕੜਿਆਂ ਅਨੁਸਾਰ ਟਮਾਟਰ ਦੀਆਂ ਕੀਮਤਾਂ ਵਿੱਚ ਇੰਨਾ ਵਾਧਾ ਨਹੀਂ ਹੋਇਆ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਮੁਤਾਬਕ 3 ਜੁਲਾਈ ਨੂੰ ਟਮਾਟਰ ਦੀ ਰੋਜ਼ਾਨਾ ਔਸਤ ਰੀਟੇਲ ਕੀਮਤ 55 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ, ਜੋ ਇਕ ਮਹੀਨੇ ਪਹਿਲਾਂ 35 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਟਮਾਟਰ ਦੀਆਂ ਕੀਮਤਾਂ ਵਿੱਚ ਅਚਾਨਕ ਵਾਧਾ ਹੋਣ ਲਈ ਭਾਰੀ ਮੀਂਹ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਮਾਨਸੂਨ ਦੀ ਸ਼ੁਰੂਆਤ ਤੋਂ ਬਾਅਦ ਪਿਛਲੇ ਕਈ ਦਿਨਾਂ ਤੋਂ ਦੇਸ਼ ਭਰ ‘ਚ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਕਾਰਨ ਹਿਮਾਚਲ ਪ੍ਰਦੇਸ਼ ਵਿੱਚ ਕਈ ਸੜਕਾਂ ਨੁਕਸਾਨੀਆਂ ਗਈਆਂ ਹਨ।

Advertisement