ਦਿੱਲੀ ਵਿੱਚ ਕਿਸਾਨਾਂ ਦੇ ਧਰਨੇ ਨੂੰ ਲੈ ਕੇ ਹਰਿਆਣਾ ਦੇ ਮੰਤਰੀ ਦਾ ਵੱਡਾ ਬਿਆਨ

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਖੋਲ੍ਹਣ ਦੇ ਹੁਕਮ ਦਿੱਤੇ ਹਨ। ਅਦਾਲਤ ਦੇ ਇਸ ਹੁਕਮ ‘ਤੇ ਹਰਿਆਣਾ ਦੇ ਮੰਤਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਅਸੀਂ ਅਦਾਲਤ ਦੇ ਹੁਕਮਾਂ ਦਾ ਸਨਮਾਨ ਕਰਦੇ ਹਾਂ। ਹਾਈਕੋਰਟ ਨੇ ਇਹ ਕਿਤੇ ਨਹੀਂ ਕਿਹਾ ਕਿ ਸੜਕ ਖੁੱਲ੍ਹਣ ਤੋਂ ਬਾਅਦ ਦਿੱਲੀ ‘ਚ ਧਰਨੇ-ਪ੍ਰਦਰਸ਼ਨ ਕਰੋ। ਮੂਲਚੰਦ ਸ਼ਰਮਾ ਨੇ ਕਿਹਾ, ‘ਸੜਕ ਖੁੱਲ੍ਹਣ ਨਾਲ ਕੋਈ ਸਮੱਸਿਆ ਨਹੀਂ ਪਰ ਲੋਕ ਕਾਇਦੇ ਅਨੁਸਾਰ ਰਹਿਣਾ।

ਮੂਲਚੰਦ ਸ਼ਰਮਾ ਨੇ ਕਿਹਾ, “ਆਮ ਲੋਕਾਂ ਦੀ ਸੁਰੱਖਿਆ, ਤੇ ਆਵਾਜਾਈ ਦਾ ਧਿਆਨ ਰੱਖਣਾ ਜ਼ਰੂਰੀ ਹੈ। ਸਾਰਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਹਰ ਕਿਸੇ ਦੇ ਸਮੇਂ ਦਾ ਧਿਆਨ ਰੱਖਣਾ ਚਾਹੀਦਾ ਹੈ। ਹਾਈਕੋਰਟ ਦੇ ਹੁਕਮਾਂ ਦਾ ਸਤਿਕਾਰ ਕਰਦੇ ਹਾਂ।” ਸ਼ਰਮਾ ਨੇ ਕਿਹਾ, ”ਕਿਸਾਨ ਜੋ ਵੀ ਗੱਲ ਕਰਨਾ ਚਾਹੁੰਦੇ ਹਨ, ਉਹ ਇੱਥੋਂ ਵੀ ਕਰ ਸਕਦੇ ਹਨ। ਦਿੱਲੀ ਜਾ ਕੇ ਕੀ ਕਰਨਾ ਹੈ? ਇੱਥੇ ਜੋ ਕਹਿਣਾ ਚਾਹੋ ਕਹੋ, ਸਰਕਾਰ ਆ ਜਾਵੇਗੀ। ਕੇਂਦਰ ਦੇ ਮੰਤਰੀ ਜਾਂ ਮੁੱਖ ਮੰਤਰੀ ਆ ਜਾਣਗੇ। ਦਿੱਲੀ ਵਿੱਚ ਕੀ ਕਰਨਾ ਹੈ। ਦਿੱਲੀ ਕਿਉਂ ਜਾਂਦੇ ਹਨ, ਜਦੋਂ ਹਰਿਆਣੇ ਦਾ ਕੰਮ ਇੱਥੇ ਹੋ ਸਕਦਾ ਹੈ।

ਦਸ ਦਈਏ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸ਼ੰਭੂ ਬਾਰਡਰ ਨੂੰ ਇੱਕ ਹਫ਼ਤੇ ਦੇ ਅੰਦਰ ਖੋਲ੍ਹਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੀ ਜਾਂਚ ਦੇ ਹੁਕਮ ਵੀ ਦਿੱਤੇ ਹਨ। ਅਦਾਲਤ ਨੇ ਝੱਜਰ ਦੇ ਪੁਲਿਸ ਕਮਿਸ਼ਨਰ ਦੀ ਅਗਵਾਈ ਵਿੱਚ ਐਸਆਈਟੀ ਬਣਾ ਕੇ ਜਾਂਚ ਦੇ ਹੁਕਮ ਦਿੱਤੇ ਹਨ। ਦੂਜੇ ਪਾਸੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੀ ਹਾਈਕੋਰਟ ਦੇ ਹੁਕਮਾਂ ‘ਤੇ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਉਹ ਆਪਣੇ ਵਕੀਲਾਂ ਨਾਲ ਗੱਲ ਕਰ ਰਹੇ ਹਨ ਤੇ ਹਾਈਕੋਰਟ ਦੇ ਹੁਕਮਾਂ ਦੀ ਕਾਪੀ ਪੜ੍ਹ ਕੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। 

Advertisement