ਨਾਂਦੇੜ ‘ਚ IT ਦਾ ਛਾਪਾ, 170 ਕਰੋੜ ਦੀ ਜਾਇਦਾਦ ਬਰਾਮਦ

ਮਹਾਰਾਸ਼ਟਰ ਦੇ ਨਾਂਦੇੜ ‘ਚ ਆਮਦਨ ਕਰ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਕਰੋੜਾਂ ਰੁਪਏ ਦੀ ਬੇਹਿਸਾਬੀ ਜਾਇਦਾਦ ਜ਼ਬਤ ਕੀਤੀ ਹੈ। ਜਾਣਕਾਰੀ ਅਨੁਸਾਰ IT ਟੀਮ ਨੇ ਭੰਡਾਰੀ ਫਾਈਨਾਂਸ ਅਤੇ ਆਦਿਨਾਥ ਕੋਆਪਰੇਟਿਵ ਬੈਂਕ ‘ਚ ਛਾਪੇਮਾਰੀ ਕਰਕੇ ਇਹ ਕਾਰਵਾਈ ਕੀਤੀ ਹੈ। ਆਮਦਨ ਕਰ ਵਿਭਾਗ ਨੇ 72 ਘੰਟਿਆਂ ਦੀ ਇਸ ਕਾਰਵਾਈ ਦੌਰਾਨ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਕੀਤੀ ਹੈ। ਗਿਣਤੀ ਕਰਨ ਵਿੱਚ 14 ਘੰਟੇ ਤੋਂ ਵੱਧ ਸਮਾਂ ਲੱਗ ਗਿਆ। ਫਿਲਹਾਲ ਇਨਕਮ ਟੈਕਸ ਦੀ ਟੀਮ ਇਸ ਪੂਰੇ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ।

ਆਮਦਨ ਕਰ ਵਿਭਾਗ ਨੂੰ 72 ਘੰਟੇ ਤੱਕ ਚੱਲੀ ਇਸ ਕਾਰਵਾਈ ਵਿੱਚ ਭੰਡਾਰੀ ਪਰਿਵਾਰ ਤੋਂ 170 ਕਰੋੜ ਰੁਪਏ ਦੀ ਬੇਹਿਸਾਬੀ ਜਾਇਦਾਦ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਵਿਭਾਗ ਨੂੰ 8 ਕਿਲੋ ਸੋਨਾ ਅਤੇ 14 ਕਰੋੜ ਰੁਪਏ ਦੀ ਨਕਦੀ ਵੀ ਮਿਲੀ ਹੈ, ਜਿਨ੍ਹਾਂ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ। ਇਸ ਕਾਰਵਾਈ ਨੇ ਵਿੱਤ ਵਪਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ।

ਦਸ ਦੇਈਏ ਕਿ ਭੰਡਾਰੀ ਪਰਿਵਾਰ ਦਾ ਨਾਂਦੇੜ ਵਿੱਚ ਇੱਕ ਵੱਡਾ ਨਿੱਜੀ ਵਿੱਤ ਕਾਰੋਬਾਰ ਹੈ। ਇੱਥੇ ਆਮਦਨ ਕਰ ਵਿਭਾਗ ਨੂੰ ਟੈਕਸ ਚੋਰੀ ਦੀ ਸ਼ਿਕਾਇਤ ਮਿਲੀ ਸੀ। ਇਸ ਕਾਰਨ ਛੇ ਜ਼ਿਲ੍ਹਿਆਂ ਪੁਣੇ, ਨਾਸਿਕ, ਨਾਗਪੁਰ, ਪਰਭਣੀ, ਛਤਰਪਤੀ ਸੰਭਾਜੀਨਗਰ ਅਤੇ ਨਾਂਦੇੜ ਵਿੱਚ ਆਮਦਨ ਕਰ ਵਿਭਾਗ ਦੇ ਸੈਂਕੜੇ ਅਧਿਕਾਰੀਆਂ ਨੇ ਸਾਂਝੀ ਛਾਪੇਮਾਰੀ ਕੀਤੀ। ਸ਼ੁੱਕਰਵਾਰ 10 ਮਈ ਨੂੰ, ਟੀਮ ਨੇ ਨਾਂਦੇੜ ਦੇ ਭੰਡਾਰੀ ਫਾਈਨਾਂਸ ਅਤੇ ਆਦਿਨਾਥ ਕੋਆਪਰੇਟਿਵ ਬੈਂਕ ‘ਤੇ ਛਾਪਾ ਮਾਰਿਆ। ਕਰੀਬ 100 ਅਧਿਕਾਰੀਆਂ ਦੀ ਟੀਮ 25 ਗੱਡੀਆਂ ਵਿੱਚ ਨਾਂਦੇੜ ਪਹੁੰਚੀ ਸੀ।ਟੀਮ ਨੇ ਭੰਡਾਰੀ ਪਰਿਵਾਰ ਦੇ ਪਾਰਸਨਗਰ, ਮਹਾਵੀਰ ਸੋਸਾਇਟੀ, ਫਰਾਂਦੇ ਨਗਰ ਅਤੇ ਕਾਬਰਾ ਨਗਰ ਸਥਿਤ ਰਿਹਾਇਸ਼ਾਂ ‘ਤੇ ਵੀ ਛਾਪੇਮਾਰੀ ਕੀਤੀ। ਨਾਂਦੇੜ ਜ਼ਿਲ੍ਹੇ ਵਿੱਚ ਆਮਦਨ ਕਰ ਵਿਭਾਗ ਨੇ ਪਹਿਲੀ ਵਾਰ ਅਜਿਹੀ ਕਾਰਵਾਈ ਕੀਤੀ ਹੈ। ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਤਿੰਨ ਦਿਨ ਕਾਰਵਾਈ ਜਾਰੀ ਰੱਖੀ। ਇਸ ਦੌਰਾਨ ਸਾਰੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ।

Advertisement