ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਨੂੰ ਹਾਂਗਕਾਂਗ ਤੋਂ ਲਿਆਂਦਾ ਭਾਰਤ

 ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਿਆਂ ਯਕੀਨੀ ਬਣਾਉਣ ਸਬੰਧੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਪੰਜਾਬ ਪੁਲਿਸ ਨੇ 2016 ਦੇ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਉਰਫ਼ ਰੋਮੀ ਦੀ ਹਾਂਗਕਾਂਗ ਤੋਂ ਸੁਰੱਖਿਅਤ ਹਵਾਲਗੀ ਪ੍ਰਾਪਤ ਕਰ ਲਈ ਹੈ ਅਤੇ ਉਸ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੀ ਟੀਮ ਵੱਲੋਂ ਅੱਜ ਭਾਰਤ ਵਾਪਸ ਲਿਆਂਦਾ ਗਿਆ ਹੈ।

ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਆਪਣੇ ਐਕਸ ਪਲੇਟਫਾਰਮ (ਪਹਿਲਾਂ ਟਵਿੱਟਰ) ਉੱਤੇ ਪੋਸਟ ਰਾਹੀਂ ਦੱਸਿਆ, “ਪੰਜਾਬ ਪੁਲਿਸ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ, ਨਿਆਂ ਨੂੰ ਯਕੀਨੀ ਬਣਾਉਣ ਲਈ ਅੱਜ ਮੁੱਖ ਸਾਜ਼ਿਸ਼ਕਰਤਾ ਰੋਮੀ ਨੂੰ ਵਾਪਸ ਭਾਰਤ ਲਿਆਂਦਾ ਜਾ ਰਿਹਾ ਹੈ। ਉਹ #ISI ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ((#KLF) ਦੇ ਹੋਰ ਫਰਾਰ ਕੈਦੀਆਂ ਸਮੇਤ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਗਲਵੱਡੀ ਦੇ ਸੰਪਰਕ ਵਿੱਚ ਸੀ।”

ਡੀਜੀਪੀ ਨੇ ਟਵੀਟ ਵਿੱਚ ਅੱਗੇ ਲਿਖਿਆ, “ਅਸੀਂ ਇਸ ਅੰਤਰਰਾਸ਼ਟਰੀ ਸਹਿਯੋਗ ਲਈ ਹਾਂਗਕਾਂਗ ਦੇ ਅਧਿਕਾਰੀਆਂ, ਸੀਬੀਆਈ, ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ ਅਤੇ ਹੋਰ ਸਾਰੀਆਂ ਕੇਂਦਰੀ ਏਜੰਸੀਆਂ ਦਾ ਧੰਨਵਾਦ ਕਰਦੇ ਹਾਂ।”

ਜ਼ਿਕਰਯੋਗ ਹੈ ਕਿ ਭਗੌੜੇ ਰਮਨਜੀਤ ਸਿੰਘ ਉਰਫ਼ ਰੋਮੀ ਨੇ 27 ਨਵੰਬਰ 2016 ਨੂੰ ਸਵੇਰੇ 9 ਵਜੇ ਦੇ ਕਰੀਬ ਵਾਪਰੇ ਨਾਭਾ ਜੇਲ੍ਹ ਬ੍ਰੇਕ ‘ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਕਾਂਡ ‘ਚ ਗੈਂਗਸਟਰਾਂ ਨੇ ਪੁਲਿਸ ਦੀ ਵਰਦੀ ਪਾ ਕੇ ਉੱਚ ਸੁਰੱਖਿਆ ਵਾਲੀ ਜੇਲ੍ਹ ਵਿੱਚ ਘੁਸਪੈਠ ਕਰਕੇ 6 ਖਤਰਨਾਕ ਕੈਦੀਆਂ/ਗੈਂਗਸਟਰਾਂ ਨੂੰ ਫ਼ਰਾਰ ਕਰਵਾਇਆ ਸੀ। ਇਹਨਾਂ ਗੈਂਗਸਟਰਾਂ ਵਿੱਚ ਹਰਮਿੰਦਰ ਸਿੰਘ ਉਰਫ ਮਿੰਟੂ, ਗੁਰਪ੍ਰੀਤ ਸਿੰਘ ਸੇਖੋਂ, ਅਮਨਦੀਪ ਸਿੰਘ ਢੋਟੀਆਂ, ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ, ਕਸ਼ਮੀਰ ਸਿੰਘ ਉਰਫ ਗਲਵੱਡੀ ਅਤੇ ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਸ਼ਾਮਲ ਸਨ।

Advertisement