ਨੀਰਜ ਚੋਪੜਾ ਨੇ ਭਾਰਤ ਨੂੰ ਦਿਵਾਇਆ ਪਹਿਲਾ SILVER

ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ‘ਚ ਭਾਰਤ ਨੂੰ ਆਪਣਾ ਪਹਿਲਾ ਚਾਂਦੀ ਦਾ ਤਗਮਾ ਦਿਵਾਇਆ ਹੈ। ਭਾਰਤ ਨੂੰ ਟੋਕੀਓ ਓਲੰਪਿਕ ਚੈਂਪੀਅਨ ਤੋਂ ਸੋਨ ਤਗਮੇ ਦੀ ਉਮੀਦ ਸੀ। ਨੀਰਜ ਚੋਪੜਾ 140 ਕਰੋੜ ਭਾਰਤੀਆਂ ਦੀਆਂ ਸੋਨੇ ਦੀਆਂ ਉਮੀਦਾਂ ਨੂੰ ਬਰਕਰਾਰ ਨਹੀਂ ਰੱਖ ਸਕੇ ਪਰ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਚਾਂਦੀ ਦਾ ਤਗਮਾ ਜਿੱਤਣ ਦੇ ਨਾਲ ਹੀ ਨੀਰਜ ਚੋਪੜਾ ਵਿਅਕਤੀਗਤ ਖੇਡਾਂ ਵਿੱਚ ਲਗਾਤਾਰ ਦੋ ਓਲੰਪਿਕ ਤਗਮੇ ਜਿੱਤਣ ਵਾਲੇ ਦੇਸ਼ ਦੇ ਦੂਜੇ ਪੁਰਸ਼ ਖਿਡਾਰੀ ਬਣ ਗਏ ਹਨ। ਉਸ ਤੋਂ ਪਹਿਲਾਂ ਸਿਰਫ ਸੁਸ਼ੀਲ ਕੁਮਾਰ (2008 ਅਤੇ 2012) ਹੀ ਲਗਾਤਾਰ ਦੋ ਓਲੰਪਿਕ ਤਮਗੇ ਜਿੱਤ ਸਕੇ ਸਨ।

ਪੈਰਿਸ ਓਲੰਪਿਕ ‘ਚ ਮੌਜੂਦਾ ਚੈਂਪੀਅਨ ਨੀਰਜ ਚੋਪੜਾ ਨੇ 89.45 ਮੀਟਰ ਜੈਵਲਿਨ ਸੁੱਟਿਆ ਸੀ। ਇਹ ਇਸ ਸੀਜ਼ਨ ਦਾ ਉਸ ਦਾ ਸਰਵੋਤਮ ਪ੍ਰਦਰਸ਼ਨ ਹੈ। ਨੀਰਜ ਨੇ ਇਸ ਪ੍ਰਦਰਸ਼ਨ ਨਾਲ ਚਾਂਦੀ ਦਾ ਤਗਮਾ ਜਿੱਤਿਆ। ਨੀਰਜ ਦੇ ਛੇ ਵਿੱਚੋਂ ਪੰਜ ਥਰੋਅ ਫਾਊਲ ਸਨ। ਸਿਰਫ਼ ਉਸ ਦੀ ਦੂਜੀ ਥਰੋਅ ਸਹੀ ਸੀ, ਜਿਸ ਨਾਲ ਉਸ ਨੂੰ ਤਮਗਾ ਮਿਲਿਆ। ਉਸ ਨੇ ਟੋਕੀਓ ਵਿੱਚ 87.58 ਮੀਟਰ ਥਰੋਅ ਨਾਲ ਸੋਨ ਤਮਗਾ ਜਿੱਤਿਆ ਸੀ।

ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਓਲੰਪਿਕ ‘ਚ ਨਵੇਂ ਰਿਕਾਰਡ ਦੇ ਨਾਲ ਸੋਨ ਤਮਗਾ ਜਿੱਤਿਆ ਹੈ। ਨਦੀਮ ਨੇ 92.97 ਮੀਟਰ ਦਾ ਦੂਜਾ ਥਰੋਅ ਕੀਤਾ। ਅਰਸ਼ਦ ਨੇ ਨਾਰਵੇ ਦੇ ਆਂਦਰੇਸ ਟੀ ਦਾ ਓਲੰਪਿਕ ਰਿਕਾਰਡ ਤੋੜ ਦਿੱਤਾ। ਆਂਦਰੇਸ ਨੇ ਬੀਜਿੰਗ ਓਲੰਪਿਕ 2008 ਵਿੱਚ 90.57 ਮੀਟਰ ਦੀ ਥਰੋਅ ਕੀਤੀ ਸੀ। ਗ੍ਰੇਨਾਡਾ ਦੇ ਐਂਡਰਸਨ ਪੀਟਰਸ ਤੀਜੇ ਸਥਾਨ ‘ਤੇ ਰਹੇ।

Advertisement