ਰਾਤ ਦੇ ਸਮੇਂ ‘ਲਾਲ ਪਰੀ’ ਪੀ ਕੇ ਗੱਡੀਆਂ ਚਲਾਉਣ ਵਾਲੇ ਲੋਕ ਸਾਵਧਾਨ ਹੋ ਜਾਣ ਕਿਉਂਕਿ ਪਿਆਕੜ ਵਾਹਨ ਚਾਲਕਾਂ ਦੀ ਫੜੋ-ਫੜੀ ਲਈ ਟ੍ਰੈਫਿਕ ਪੁਲਸ ਨੇ ਬੇਹੱਦ ਸਖ਼ਤੀ ਕਰਦਿਆਂ ਨਾਕਿਆਂ ਦੀ ਗਿਣਤੀ ਵਧਾ ਦਿੱਤੀ ਹੈ। ਪੁਲਸ ਵੱਲੋਂ ਰੋਜ਼ਾਨਾ ਔਸਤਨ 15 ਤੋਂ 20 ਅਜਿਹੇ ਵਿਅਕਤੀਆਂ ਦੇ ਚਲਾਨ ਕੀਤੇ ਜਾ ਰਹੇ ਹਨ, ਜੋ ਸ਼ਰਾਬ ਪੀ ਕੇ ਵਾਹਨ ਚਲਾਉਂਦੇ ਹਨ। ਬੀਤੀ ਜੁਲਾਈ ਤੋਂ ਹੀ ਟ੍ਰੈਫਿਕ ਪੁਲਸ ਵੱਲੋਂ ਨਾਕਿਆਂ ਦੀ ਗਿਣਤੀ ਵਧਾ ਕੇ ਸ਼ਰਾਬੀ ਚਾਲਕਾਂ ਦੇ ਤਾਬੜਤੋੜ ਚਲਾਨ ਕੀਤੇ ਜਾ ਰਹੇ ਹਨ। ਇਨ੍ਹਾਂ ਸਪੈਸ਼ਲ ਨਾਕਿਆਂ ’ਤੇ ਆਲਕੋਮੀਟਰ ਦੀ ਮਦਦ ਨਾਲ ਵਾਹਨ ਚਾਲਕਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਅਲਕੋਹਲ ਟੈਸਟ ਪਾਜ਼ੇਟਿਵ ਆਉਣ ’ਤੇ ਉਨ੍ਹਾਂ ਦੇ ਚਲਾਨ ਕੀਤੇ ਜਾ ਰਹੇ ਹਨ।
ਦੱਸ ਦੇਈਏ ਕਿ ਸ਼ਰਾਬ ਪੀ ਕੇ ਵਾਹਨ ਚਲਾਉਂਦੇ ਫੜੇ ਜਾਣ ’ਤੇ 5000 ਰੁਪਏ ਦਾ ਜੁਰਮਾਨਾ ਕੀਤਾ ਜਾ ਰਿਹਾ ਹੈ, ਜੋ ਆਰ. ਟੀ. ਓ. ਆਫਿਸ ਜਾਂ ਅਦਾਲਤ ’ਚ ਅਦਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਸ਼ਰਾਬੀ ਵਾਹਨ ਚਾਲਕ ਦਾ ਡਰਾਈਵਿੰਗ ਲਾਇਸੈਂਸ ਵੀ 3 ਮਹੀਨਿਆਂ ਲਈ ਸਸਪੈਂਡ ਕੀਤਾ ਜਾ ਰਿਹਾ ਹੈ। ਸਸਪੈਂਡ ਡਰਾਈਵਿੰਗ ਲਾਇਸੈਂਸ ਦੌਰਾਨ ਚਾਲਕ ਵਾਹਨ ਨਹੀਂ ਚਲਾ ਸਕਦਾ ਅਤੇ ਜੇਕਰ ਉਹ ਫਿਰ ਵੀ ਵਾਹਨ ਚਲਾਵੇਗਾ ਤਾਂ ਫੜੇ ਜਾਣ ‘ਤੇ ਉਸ ਖ਼ਿਲਾਫ਼ ਹੋਰ ਸਖ਼ਤ ਕਾਰਵਾਈ ਹੋਵੇਗਾ।
ਟ੍ਰੈਫਿਕ ਪੁਲਸ ਦੀਆਂ 4 ਟੀਮਾਂ ਵੱਲੋਂ ਹਰ ਬੁੱਧਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪਿਆਕੜ ਚਾਲਕਾਂ ਦੀ ਫਡੋ-ਫੜੀ ਲਈ ਨਾਕੇ ਲਗਾਏ ਜਾ ਰਹੇ ਹਨ। ਇਹ ਨਾਕੇ ਸਾਊਣ ਸਿਟੀ, ਇਆਲੀ ਪੁਲ, ਇਸ਼ਮੀਤ ਚੌਕ, ਹੀਰੋ ਬੇਕਰੀ ਚੌਕ, ਸਮਰਾਲਾ ਚੌਕ, ਪੱਖੋਵਾਲ ਰੋਡ, ਧਾਂਦਰਾ ਰੋਡ, ਸੈਕਟਰ-32, ਸਰਾਭਾ ਨਗਰ ਆਦਿ ਇਲਾਕਿਆਂ ’ਚ ਲਗਾਏ ਜਾ ਰਹੇ ਹਨ ਅਤੇ ਹਰ ਦਿਨ ਇਨ੍ਹਾਂ ਦੀ ਲੋਕੇਸ਼ਨ ਬਦਲ ਦਿੱਤੀ ਜਾਂਦੀ ਹੈ।