ਕਤਰ ਏਅਰਵੇਜ਼ ਨੇ ਲੇਬਨਾਨ ਜਾਣ ਵਾਲੀਆਂ ਉਡਾਣਾਂ ਵਿੱਚ ਯਾਤਰੀਆਂ ਨੂੰ ਪੇਜਰ ਅਤੇ ਵਾਕੀ-ਟਾਕੀ ਲੈ ਕੇ ਜਾਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਏਅਰਲਾਈਨ ਨੇ ਇਹ ਕਦਮ ਲੇਬਨਾਨ ਦੇ ਤਿੰਨ ਖੇਤਰਾਂ ਵਿੱਚ ਵਾਕੀ-ਟਾਕੀਜ਼, ਹੈਂਡਹੈਲਡ ਰੇਡੀਓ ਅਤੇ ਪੇਜਰ ਸੈੱਟਾਂ ਵਿੱਚ ਧਮਾਕਿਆਂ ਤੋਂ ਬਾਅਦ ਚੁੱਕਿਆ ਹੈ। ਇਸ ਘਟਨਾ ‘ਚ ਘੱਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ ਅਤੇ 3000 ਤੋਂ ਵੱਧ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ 450 ਦੇ ਕਰੀਬ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਕਤਰ ਏਅਰਵੇਜ਼ ਨੇ ਇੱਕ ਪੋਸਟ ਵਿੱਚ ਕਿਹਾ ਕਿ ਲੇਬਨਾਨ ਦੇ ਨਾਗਰਿਕ ਹਵਾਬਾਜ਼ੀ ਅਥਾਰਿਟੀ ਤੋਂ ਪ੍ਰਾਪਤ ਨਿਰਦੇਸ਼ ਦੇ ਬਾਅਦ ਬੇਰੂਤ ਰਫੀਕ ਹਾਰੀਰੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੇ ਸਾਰੇ ਯਾਤਰੀਆਂ ਨੂੰ ਫਲਾਇਟ ‘ਤੇ ਪੇਜਰ ਅਤੇ ਵਾਕੀ-ਟਾਕੀ ਲਿਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਅਗਲੇ ਨੋਟਿਸ ਤੱਕ ਲਾਗੂ ਰਹੇਗੀ।
16 ਸਤੰਬਰ ਨੂੰ, ਲੇਬਨਾਨ ਵਿੱਚ 3,000 ਤੋਂ ਵੱਧ ਪੇਜ਼ਰ, ਵਾਕੀ-ਟਾਕੀਜ਼ ਅਤੇ ਹੈਂਡਹੇਲਡ ਰੇਡੀਓ ਅਚਾਨਕ ਵਿਸਫੋਟ ਕਰਨ ਲੱਗੇ। ਇਸ ਘਟਨਾ ‘ਚ ਹਿਜ਼ਬੁੱਲਾ ਦੇ ਕਈ ਲੜਾਕੇ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਬੇਰੂਤ ਵਿੱਚ ਈਰਾਨ ਦੇ ਰਾਜਦੂਤ ਵੀ ਜ਼ਖਮੀ ਹੋਏ ਹਨ। ਲੇਬਨਾਨੀ ਅਧਿਕਾਰੀਆਂ ਨੇ ਸੰਚਾਰ ਲਈ ਵਰਤੇ ਜਾਣ ਵਾਲੇ ਇਨ੍ਹਾਂ ਇਲੈਕਟ੍ਰਾਨਿਕ ਯੰਤਰਾਂ ਵਿੱਚ ਧਮਾਕਿਆਂ ਪਿੱਛੇ ਇਜ਼ਰਾਈਲੀ ਸਾਜ਼ਿਸ਼ ਦਾ ਦੋਸ਼ ਲਾਇਆ ਹੈ। ਲੇਬਨਾਨ ਨੇ ਕਿਹਾ ਹੈ ਕਿ ਇਜ਼ਰਾਈਲ ਨੇ ਦੂਜੇ ਦੇਸ਼ਾਂ ਤੋਂ ਆਯਾਤ ਕੀਤੇ ਗਏ ਇਨ੍ਹਾਂ ਉਪਕਰਨਾਂ ਨਾਲ ਛੇੜਛਾੜ ਕੀਤੀ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ ਹਰੇਕ ਪੇਜਰ ਨੂੰ ਬੈਟਰੀ ਦੇ ਨਾਲ ਲਗਭਗ 1 ਤੋਂ 2 ਔਂਸ ਵਿਸਫੋਟਕ ਨਾਲ ਫਿੱਟ ਕੀਤਾ ਗਿਆ ਸੀ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਇਲੈਕਟ੍ਰਾਨਿਕ ਉਪਕਰਨਾਂ ਵਿੱਚ ਇੱਕ ਸਵਿੱਚ ਵੀ ਲਗਾਇਆ ਗਿਆ ਸੀ, ਜਿਸ ਨੂੰ ਦੂਰੋਂ ਹੀ ਕੰਟਰੋਲ ਕੀਤਾ ਜਾ ਰਿਹਾ ਸੀ। ਜਦੋਂ ਇਸ ਸਵਿੱਚ ਨੂੰ ਐਕਟੀਵੇਟ ਕੀਤਾ ਗਿਆ ਤਾਂ ਪੇਜ਼ਰ ਫਟ ਗਿਆ।