ਫਿਰ ਤੋਂ ਹਸਪਤਾਲ ਵਿੱਚ ਹੋਈ ਮਹਿਲਾ ਡਾਕਟਰ ਨਾਲ ਛੇੜਛਾੜ

 ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ‘ਚ ਸਰਕਾਰੀ ਮੈਡੀਕਲ ਕਾਲਜ ਵਿੱਚ ਇੱਕ ਮਹਿਲਾ ਜੂਨੀਅਰ ਰੈਜ਼ੀਡੈਂਟ ਡਾਕਟਰ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਡਾਕਟਰਾਂ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਇਸ ਛੇੜਛਾੜ ਨੂੰ ਅੰਜਾਮ ਹਸਪਤਾਲ ਦੇ ਹੀ ਇੱਕ ਸਟਾਫ਼ ਵੱਲੋਂ ਦਿੱਤਾ ਗਿਆ।  ਮਹਿਲਾ ਡਾਕਟਰ ਵੱਲੋਂ ਪ੍ਰਿੰਸੀਪਲ ਅਤੇ ਡਾਇਰੈਕਟਰ ਮੈਡੀਕਲ ਕਾਲਜ ਅਤੇ ਰਾਜਿੰਦਰ ਹਸਪਤਾਲ ਨੂੰ ਲਿਖਤੀ ਸ਼ਿਕਾਇਤ ਭੇਜੀ ਗਈ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਬੀਤੀ ਦੇਰ ਰਾਤ ਡਿਊਟੀ ਦੌਰਾਨ ਇੱਕ ECG ਟੈਕਨੀਸ਼ੀਅਨ ਵੱਲੋਂ ਉਸ ਨੂੰ ਅਣਉਚਿਤ ਢੰਗ ਨਾਲ ਛੂਹਿਆ ਗਿਆ ਸੀ।

ਦਸਿਆ ਜਾ ਰਿਹਾ ਹੈ ਕਿ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਵੱਲੋਂ ਇਸ ਸਬੰਧੀ ਲਿਖਤੀ ਦਰਖਾਸਤ ਵੀ ਭੇਜੀ ਗਈ ਹੈ। ਪ੍ਰਿੰਸੀਪਲ ਅਤੇ ਡਾਇਰੈਕਟਰ ਮੈਡੀਕਲ ਅਤੇ ਰਾਜਿੰਦਰ ਹਸਪਤਾਲ ਰਾਜਨ ਸਿੰਗਲਾ ਨੇ ਕਿਹਾ ਹੈ ਕਿ ਉਹ ਮਾਮਲਾ ਸੈਕਸੂਅਲ ਹਰਾਸਮੈਂਟ ਵਿੰਗ ਨੂੰ ਭੇਜ ਰਹੇ ਹਨ ਜੋ ਜਾਂਚ ਕਰਕੇ ਨਤੀਜਿਆਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕਰੇਗਾ।

ਡਾ. ਰਾਜਨ ਸਿੰਗਲਾ ਨੇ  ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਮਹਿਲਾ ਡਾਕਟਰ ਨੇ ਸਬੰਧਤ ਤਕਨੀਸ਼ੀਅਨ ਦੀ ਅਜਿਹੀ ਹਰਕਤ ‘ਤੇ ਇਤਰਾਜ਼ ਕੀਤਾ ਤਾਂ ਤਕਨੀਸ਼ੀਅਨ ਦਾ ਕਹਿਣਾ ਸੀ ਕਿ ਉਸ ਨੇ ਉਨ੍ਹਾਂ ਤੋਂ ਲੰਘਣ ਲਈ ਰਸਤਾ ਮੰਗਿਆ ਸੀ ਪਰ ਉਹ ਜਦੋਂ ਲਾਂਭੇ ਨਾ ਹੋਏ ਤਾਂ ਉਸ ਦਾ ਹੱਥ ਲੱਗ ਗਿਆ। ਉਧਰ ਹੀ, ਮਹਿਲਾ ਡਾਕਟਰ ਦਾ ਤਰਕ ਹੈ ਕਿ ਉਸ ਨੇ ਤਾਂ ਰਸਤਾ ਮੰਗਣ ਦੀ ਗੱਲ ਸੁਣੀ ਹੀ ਨਹੀਂ ਕਿਉਂਕਿ ਉਹ ਮਰੀਜ਼ ਨਾਲ ਗੱਲ ਕਰ ਰਹੀ ਸੀ। ਜੇ ਤਕਨੀਸ਼ਨ ਨੂੰ ਰਸਤਾ ਨਹੀਂ ਸੀ ਮਿਲਿਆ ਤਾਂ ਇਹੀ ਗੱਲ ਉਸ ਨੂੰ ਦੁਬਾਰਾ ਆਖ ਸਕਦਾ ਸੀ। ਮਹਿਲਾ ਡਾਕਟਰ ਨੇ ਤਕਨੀਸ਼ੀਅਨ ਖਿਲਾਫ਼ ਬਣਦੀ ਕਾਰਵਾਈ ਕਰਨ ‘ਤੇ ਜ਼ੋਰ ਦਿੱਤਾ ਹੈ। ਪ੍ਰਿੰਸੀਪਲ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ, ਜਿਸ ਦੀ ਰਿਪੋਰਟ ਮਗਰੋਂ ਹੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Advertisement