ਬਿਹਾਰ ਵਿੱਚ ਗਰਮੀ ਨਾਲ ਬੇਹੋਸ਼ ਹੋਏ ਵਿਦਿਆਰਥੀ, ਇੰਸਪੈਕਟਰ ਸਣੇ 7 ਦੀ ਮੌ.ਤ

ਸੂਬੇ ਵਿਚ ਵਧਦੇ ਤਾਪਮਾਨ ਤੇ ਹੀਟ ਵੇਵ ਕਾਰਨ ਕੁਝ ਹਿੱਸਿਆਂ ਵਿਚ ਤਾਪਮਾਨ 48 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਹੈ। ਇਸ ਕਾਰਨ ਜ਼ਿਆਦਾ ਸਕੂਲੀ ਬੱਚੇ ਪ੍ਰਭਾਵਿਤ ਹੋਏ ਹਨ। ਬੁੱਧਵਾਰ ਨੂੰ ਸੂਬੇ ਵਿਚ ਲੂ ਲੱਗਣ ਨਾਲ ਇਕ ਇੰਸਪੈਕਟਰ ਸਮੇਤ ਸੱਤ ਲੋਕਾਂ ਦੀ ਮੌਤ ਦੀ ਸੂਚਨਾ ਹੈ। ਗਰਮੀ ਕਾਰਨ ਸੂਬੇ ਵਿਚ 331 ਵਿਦਿਆਰਥੀਆਂ ਤੇ ਅਧਿਆਪਕਾਂ ਦੀ ਤਬੀਅਤ ਵਿਗੜ ਗਈ। ਕੁਝ ਦੇ ਨੱਕ ’ਚੋਂ ਖ਼ੂਨ ਨਿਕਲਣ ਦੀ ਸ਼ਿਕਾਇਤ ਰਹੀ। ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਤਤਕਾਲ ਪ੍ਰਭਾਵ ਨਾਲ ਸੂਬੇ ਦੇ ਸਾਰੇ ਸਰਕਾਰੀ, ਨਿੱਜੀ ਸਕੂਲਾਂ, ਆਂਗਨਵਾੜੀ ਕੇਂਦਰਾਂ ਤੇ ਕੋਚਿੰਗ ਸੰਸਥਾਨਾਂ ਨੂੰ 30 ਮਈ ਤੋਂ ਅੱਠ ਜੂਨ ਤੱਕ ਬੰਦ ਕਰਨ ਦਾ ਹੁਕਮ ਮੁੱਖ ਸਕੱਤਰ ਨੂੰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਸੂਬੇ ਵਿਚ ਸਿੱਖਿਆ ਵਿਭਾਗ ਦੇ ਅਪਰ ਮੁੱਖ ਸਕੱਤਰ ਦੇ ਨਿਰਦੇਸ਼ ਮੁਤਾਬਕ ਸਰਕਾਰੀ ਸਕੂਲਾਂ ਦਾ ਸੰਚਾਲਨ ਸਵੇਰੇ ਛੇ ਤੋਂ ਦੁਪਹਿਰ ਇਕ ਵਜੇ ਵਿਚਾਲੇ ਕੀਤਾ ਜਾ ਰਿਹਾ ਹੈ। ਜਦਕਿ ਨਿੱਜੀ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਹਨ। ਇਸ ਕਾਰਨ ਭਿਆਨਕ ਗਰਮੀ ਦੀ ਲਪੇਟ ਵਿਚ ਆਉਣ ਨਾਲ ਬੱਚੇ, ਅਧਿਆਪਕ, ਸਫਾਈ ਕਰਮਚਾਰੀ ਤੇ ਰਸੋਈਆ ਬੇਹੋਸ਼ ਹੋ ਗਏ। ਬੁੱਧਵਾਰ ਨੂੰ ਲੂ ਲੱਗਣ ਤੋਂ ਬਾਅਦ ਬੇਹੋਸ਼ ਹੋਏ ਕਾਰਾਕਾਟ ਲੋਕ ਸਭਾ ਖੇਤਰ ਦੇ ਡੇਹਰੀ ਵਿਚ ਚੋਣ ਡਿਊਟੀ ’ਤੇ ਤਾਇਨਾਤ ਇੰਸਪੈਕਟਰ ਦੇਵਨਾਥ ਰਾਮ ਦੀ ਮੌਤ ਹੋ ਗਈ। ਸ਼ੇਖਪੁਰਾ ’ਚ 50, ਨਵਾਦਾ ’ਚ 10, ਗਯਾ ’ਚ ਅੱਠ, ਔਰੰਗਾਬਾਦ ’ਚ ਅੱਠ, ਗੋਪਾਲਗੰਜ ’ਚ 12 ਸਮੇਤ ਕੁੱਲ 88 ਵਿਦਿਆਰਥੀਆਂ ਦੀ ਤਬੀਅਤ ਵਿਗੜ ਗਈ। ਇਸ ਨਾਲ ਗੁੱਸੇ ਵਿਚ ਆਏ ਪਰਿਵਾਰ ਵਾਲਿਆਂ ਨੇ ਮਨਕੌਲ ਪਿੰਡ ਕੋਲ ਸ਼ੇਖਪੁਰਾ ਪਕਰੀਬਰਵਾਂ ਸੜਕ ਨੂੰ ਜਾਮ ਕਰ ਦਿੱਤਾ ਤੇ ਅਪਰ ਮੁੱਖ ਸਕੱਤਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

Advertisement