ਬੰਗਲਾਦੇਸ਼ ਦੀ PM ਸ਼ੇਖ ਹਸੀਨਾ ਨੇ ਦਿੱਤਾ ਅਸਤੀਫਾ, ਦੇਸ਼ ਛੱਡ ਹੋਈ ਫ਼ਰਾਰ

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਦੇਸ਼ ਦੀ ਕਮਾਨ ਫੌਜ ਦੇ ਹੱਥਾਂ ‘ਚ ਹੈ। ਬੰਗਲਾਦੇਸ਼ ਦੀ ਫੌਜ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ 45 ਮਿੰਟ ਦਾ ਅਲਟੀਮੇਟਮ ਦਿੱਤਾ ਸੀ। ਸੈਂਕੜੇ ਪ੍ਰਦਰਸ਼ਨਕਾਰੀ ਉਨ੍ਹਾਂ ਦੀ ਰਿਹਾਇਸ਼ ‘ਚ ਦਾਖ਼ਲ ਹੋ ਗਏ। ਇਸ ਤੋਂ ਬਾਅਦ ਉਹ ਫੌਜੀ ਹੈਲੀਕਾਪਟਰ ਵਿੱਚ ਭਾਰਤ ਲਈ ਰਵਾਨਾ ਹੋ ਗਈ। ਇਹ ਜਾਣਕਾਰੀ ਪ੍ਰਥਮ ਆਲੋ ਡੇਲੀ ਨੇ ਦਿੱਤੀ ਹੈ।

ਸੋਮਵਾਰ ਨੂੰ ਦੁਪਹਿਰ 2:30 ਵਜੇ ਸ਼ੇਖ ਹਸੀਨਾ ਨੂੰ ਲੈ ਕੇ ਫੌਜੀ ਹੈਲੀਕਾਪਟਰ ਬੰਗਭਵਨ ਤੋਂ ਰਵਾਨਾ ਹੋਇਆ। ਉਸ ਸਮੇਂ ਉਨ੍ਹਾਂ ਦੀ ਛੋਟੀ ਭੈਣ ਸ਼ੇਖ ਰੇਹਾਨਾ ਵੀ ਉਨ੍ਹਾਂ ਦੇ ਨਾਲ ਸੀ। ਸਬੰਧਤ ਸੂਤਰਾਂ ਨੇ ਦੱਸਿਆ ਕਿ ਉਹ ਹੈਲੀਕਾਪਟਰ ਰਾਹੀਂ ਭਾਰਤ ਲਈ ਰਵਾਨਾ ਹੋ ਗਈ ਹੈ।  ਦੱਸ ਦਈਏ ਕਿ ਬੰਗਲਾਦੇਸ਼ ਵਿੱਚ ਇੰਟਰਨੈੱਟ ਸੇਵਾ ਪੂਰੀ ਤਰ੍ਹਾਂ ਠੱਪ ਹੈ। ਪਿਛਲੇ ਮਹੀਨੇ ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਦਾ ਵਿਰੋਧ ਕਰ ਰਹੇ ਵਿਦਿਆਰਥੀ ਸਮੂਹਾਂ ਵੱਲੋਂ ਕੀਤੀ ਹਿੰਸਾ ਵਿੱਚ ਘੱਟੋ-ਘੱਟ 150 ਲੋਕ ਮਾਰੇ ਗਏ ਸਨ ਅਤੇ ਹਜ਼ਾਰਾਂ ਜ਼ਖ਼ਮੀ ਹੋ ਗਏ ਸਨ।

ਦਸ ਦੇਈਏ ਕਿ ਇਹ ਪ੍ਰਦਰਸ਼ਨ ਸਵੇਰੇ ਉਸ ਸਮੇਂ ਹੋਰ ਹਿੰਸਕ ਹੋ ਗਏ ਜਦੋਂ ਨੌਕਰੀਆਂ ਵਿੱਚ ਕੋਟਾ ਪ੍ਰਣਾਲੀ ਨੂੰ ਲੈ ਕੇ ਹਸੀਨਾ ਦੇ ਅਸਤੀਫ਼ੇ ਦੀ ਇੱਕੋ ਇੱਕ ਮੰਗ ਨੂੰ ਲੈ ਕੇ ਵਿਤਕਰੇ ਵਿਰੁੱਧ ਸਟੂਡੈਂਟਸ ਦੇ ਬੈਨਰ ਹੇਠ ਨਾ-ਮਿਲਵਰਤਣ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਪ੍ਰਦਰਸ਼ਨਕਾਰੀਆਂ ਦਾ ਹਾਕਮ ਧਿਰ ਦੇ ਮੈਂਬਰਾਂ ਨਾਲ ਟਕਰਾਅ ਹੋ ਗਿਆ। ਬੰਗਲਾਦੇਸ਼ ਦੇ ਪ੍ਰਮੁੱਖ ਅਖਬਾਰ ਪ੍ਰਥਮ ਅਲੋ ਦੀ ਰਿਪੋਰਟ ਮੁਤਾਬਕ ਐਤਵਾਰ ਨੂੰ ਹੋਈਆਂ ਝੜਪਾਂ ‘ਚ 14 ਪੁਲਿਸ ਕਰਮਚਾਰੀਆਂ ਸਮੇਤ ਘੱਟੋ-ਘੱਟ 101 ਲੋਕ ਮਾਰੇ ਗਏ। ਹਿੰਸਾ ਨੇ ਅਧਿਕਾਰੀਆਂ ਨੂੰ ਮੋਬਾਈਲ ਇੰਟਰਨੈਟ ਬੰਦ ਕਰਨ ਅਤੇ ਦੇਸ਼ ਭਰ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲਗਾਉਣ ਲਈ ਮਜ਼ਬੂਰ ਕੀਤਾ।

Advertisement