ਲਾਰੈਂਸ ਬਿਸ਼ਨੋਈ ਦੀ ਪਾਕਿਸਤਾਨੀ ਡੌਨ ਨਾਲ ਵੀਡੀਓ ਕਾਲ ਹੋਈ ਵਾਇਰਲ…….!

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮਾਸਟਰਮਾਈਂਡ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਲ ਵਾਇਰਲ ਹੋਈ ਹੈ। ਇਸ ਵੀਡੀਓ ‘ਚ ਉਹ ਪਾਕਿਸਤਾਨ ਦੇ ਡੌਨ ਸ਼ਹਿਜ਼ਾਦ ਭੱਟੀ ਨਾਲ ਗੱਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਲਾਰੈਂਸ ਬਿਸ਼ਨੋਈ ਗੈਂਗਸਟਰ ਭੱਟੀ ਨੂੰ ਈਦ ਦੀਆਂ ਮੁਬਾਰਕਾਂ ਦੇ ਰਿਹਾ ਹੈ। ਇਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਇਹ ਵੀਡੀਓ 16 ਜੂਨ ਦਾ ਹੈ ਪਰ ਇਸ ਦੀ ਕਿਸੇ ਵੀ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ। ਇਸ 17 ਸੈਕਿੰਡ ਦੀ ਵੀਡੀਓ ਕਾਲ ਬਾਰੇ ਪੁਲਿਸ ਵੱਲੋਂ ਅਜੇ ਤੱਕ ਕੋਈ ਰਸਮੀ ਬਿਆਨ ਨਹੀਂ ਆਇਆ। ਲਾਰੈਂਸ ਇਸ ਸਮੇਂ ਗੁਜਰਾਤ ਦੀ ਇੱਕ ਜੇਲ੍ਹ ਵਿੱਚ ਬੰਦ ਹੈ। ਅਜਿਹੇ ‘ਚ ਉਸ ਦੀ ਵੀਡੀਓ ਕਾਲ ਨੇ ਏਜੰਸੀਆਂ ਨੂੰ ਵੀ ਅਲਰਟ ਕਰ ਦਿੱਤਾ ਹੈ। ਜੇਲ੍ਹ ਅੰਦਰੋਂ ਲਾਰੈਂਸ ਬਿਸ਼ਨੋਈ ਦੀਆਂ ਗਤੀਵਿਧੀਆਂ ਹਮੇਸ਼ਾਂ ਹੀ ਵਿਵਾਦ ਬਣੀਆਂ ਹੋਈਆਂ ਹਨ।

ਗੌਰਤਲਬ ਹੈ ਕਿ ਬਿਸ਼ਨੋਈ ਜਿਸ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨਾਲ ਗੱਲ ਕਰ ਰਿਹਾ ਹੈ, ਉਸ ਦਾ ਨਾਂ ਪਾਕਿਸਤਾਨ ‘ਚ ਕਤਲ, ਭੂ-ਮਾਫੀਆ, ਹਥਿਆਰਾਂ ਦੀ ਤਸਕਰੀ ਸਮੇਤ ਕਈ ਗੰਭੀਰ ਮਾਮਲਿਆਂ ‘ਚ ਹੈ। ਗੈਂਗਸਟਰ ਲਾਰੈਂਸ ਇਸ ਸਮੇਂ ਗੁਜਰਾਤ ਦੀ ਅਹਿਮਦਾਬਾਦ ਜੇਲ੍ਹ ਵਿੱਚ ਬੰਦ ਹੈ। ਉੱਥੋਂ ਪਾਕਿਸਤਾਨੀ ਡੌਨ ਭੱਟੀ ਨਾਲ ਵੀਡੀਓ ਕਾਲ ‘ਤੇ ਗੱਲਬਾਤ ਹੋਣ ਦਾ ਸ਼ੱਕ ਹੈ। ਪਿਛਲੇ ਸਾਲ ਸਤੰਬਰ ਵਿੱਚ ਲਾਰੈਂਸ ਨੂੰ ਗੁਜਰਾਤ ਲਿਜਾਇਆ ਗਿਆ ਸੀ।

ਦੱਸ ਦੇਈਏ ਕਿ ਸ਼ਹਿਜ਼ਾਦ ਭੱਟੀ ਕੋਈ ਆਮ ਗੈਂਗਸਟਰ ਨਹੀਂ, ਸਗੋਂ ਭੱਟੀ ਦੀ ਅੰਤਰਰਾਸ਼ਟਰੀ ਪੱਧਰ ‘ਤੇ ਪਕੜ ਹੈ। ਭੱਟੀ ਦਾ ਨੈੱਟਵਰਕ ਅਮਰੀਕਾ, ਕੈਨੇਡਾ, ਪਾਕਿਸਤਾਨ ਤੇ ਦੁਬਈ ਸਮੇਤ ਹੋਰ ਦੇਸ਼ਾਂ ਵਿੱਚ ਵੀ ਚੱਲਦਾ ਹੈ। ਭੱਟੀ ਆਪਣੇ ਬੌਸ ਫਾਰੂਕ ਖੋਖਰ ਨਾਲ ਮਿਲ ਕੇ ਆਪਣਾ ਪੂਰਾ ਨੈੱਟਵਰਕ ਚਲਾਉਂਦਾ ਹੈ।

Advertisement