ਸੰਸਦ ਭਵਨ ਚ 20 ਮੈਂਬਰਾਂ ਦੀਆਂ ਜੁੱਤੀਆਂ ਚੋਰੀ, ਸਪੀਕਰ ਨੇ ਜਾਂਚ ਦੇ ਦਿੱਤੇ ਹੁਕਮ

ਪਾਕਿਸਤਾਨ ਦੇ ਸੰਸਦ ਭਵਨ ਦੇ ਅੰਦਰ ਮਸਜਿਦ ਦੇ ਬਾਹਰ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ । ਦਰਅਸਲ, ਮਸਜਿਦ ਦੇ ਬਾਹਰੋਂ 20 ਜੋੜੇ ਜੁੱਤੇ ਰਹੱਸਮਈ ਢੰਗ ਨਾਲ ਗਾਇਬ ਹੋ ਗਏ । ਇਹ ਦੇਖ ਕੇ ਸੁਰੱਖਿਆ ਕਰਮਚਾਰੀ ਵੀ ਹੈਰਾਨ ਰਹਿ ਗਏ । ਦੱਸਿਆ ਗਿਆ ਕਿ ਮਸਜਿਦ ਵਿੱਚੋਂ ਜੁੱਤੇ ਗਾਇਬ ਹੋਣ ਤੋਂ ਬਾਅਦ ਸੰਸਦ ਦੇ ਸਪੀਕਰ ਸਰਦਾਰ ਅਯਾਜ਼ ਸਾਦਿਕ ਨੇ ਮਾਮਲੇ ਵਿੱਚ ਦਖਲ ਦਿੰਦੇ ਹੋਏ ਸੁਰੱਖਿਆ ਵਿਭਾਗ ਤੋਂ ਰਿਪੋਰਟ ਮੰਗੀ ਹੈ।

ਇਹ ਘਟਨਾ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਵਾਪਰੀ ਹੈ। ਨਮਾਜ਼ ਦੇ ਦੌਰਾਨ ਨੈਸ਼ਨਲ ਅਸੈਂਬਲੀ ਦੇ ਮੈਂਬਰ, ਪੱਤਰਕਾਰ, ਸੰਸਦੀ ਸਟਾਫ਼ ਅਤੇ ਹੋਰ ਕਈ ਸ਼ਰਧਾਲੂ ਮਸਜਿਦ ਵਿੱਚ ਮੌਜੂਦ ਸਨ। ਜਦੋਂ ਉਹ ਨਮਾਜ਼ ਪੜ੍ਹ ਕੇ ਬਾਹਰ ਆਏ ਤਾਂ ਉਨ੍ਹਾਂ ਵਿੱਚੋਂ ਕਈਆਂ ਦੇ ਜੁੱਤੇ ਗਾਇਬ ਹੋ ਚੁੱਕੇ ਸਨ। ਸਥਾਨਕ ਮੀਡੀਆ ਮੁਤਾਬਕ ਜਦੋਂ ਮਸਜਿਦ ਵਿੱਚ ਲੋਕ ਨਮਾਜ਼ ਅਦਾ ਕਰ ਰਹੇ ਸਨ ਤਾਂ ਉਸੇ ਦੌਰਾਨ ਚੋਰ ਨੇ ਮੌਕਾ ਪਾ ਕੇ 20 ਤੋਂ ਵੱਧ ਜੁੱਤੇ ਗਾਇਬ ਕਰ ਦਿੱਤੇ। ਜਦੋਂ ਸੰਸਦ ਮੈਂਬਰ ਅਤੇ ਪੱਤਰਕਾਰ ਨਮਾਜ਼ ਅਦਾ ਕਰਨ ਤੋਂ ਬਾਅਦ ਬਾਹਰ ਆਏ ਤਾਂ ਜੋ ਨਜ਼ਾਰਾ ਦੇਖਿਆ, ਉਹ ਦੇਖ ਕੇ ਹੈਰਾਨ ਰਹਿ ਗਏ । ਉਨ੍ਹਾਂ ਵਿੱਚੋਂ ਜ਼ਿਆਦਾਤਰ ਦੇ ਜੁੱਤੇ ਗਾਇਬ ਸਨ। ਜੁੱਤੇ ਗਾਇਬ ਹੋਣ ‘ਤੇ ਕਈ ਲੋਕਾਂ ਨੇ ਹੰਗਾਮਾ ਵੀ ਕੀਤਾ । ਇਸ ਦੌਰਾਨ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਹੁਣ ਕੀ ਕੀਤਾ ਜਾਵੇ। ਅਜਿਹੇ ਵਿੱਚ ਉਨ੍ਹਾਂ ਨੂੰ ਨੰਗੇ ਪੈਰੀਂ ਪਰਤਣਾ ਪਿਆ। ਹਾਲਾਂਕਿ, ਕੁਝ ਲੋਕ ਨੰਗੇ ਪੈਰੀਂ ਜਾਣ ਲਈ ਤਿਆਰ ਨਹੀਂ ਸਨ, ਉਹ ਹੋਰ ਵਿਕਲਪ ਲੱਭ ਰਹੇ ਸਨ।

ਦਸ ਦੇਈਏ ਕਿ ਇਸ ਘਟਨਾ ‘ਤੇ ਨੈਸ਼ਨਲ ਅਸੈਂਬਲੀ ਦੇ ਸਪੀਕਰ ਸਰਦਾਰ ਅਯਾਜ਼ ਸਾਦਿਕ ਨੇ ਸੁਰੱਖਿਆ ਵਿੱਚ ਢਿੱਲ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਸੂਤਰਾਂ ਮੁਤਾਬਕ ਜਦੋਂ ਚੋਰੀ ਦੀ ਘਟਨਾ ਵਾਪਰੀ ਤਾਂ ਸੁਰੱਖਿਆ ਮੁਲਾਜ਼ਮ ਮੌਕੇ ‘ਤੇ ਮੌਜੂਦ ਨਹੀਂ ਸਨ। ਇਸ ਘਟਨਾ ਸਬੰਧੀ ਹੁਣ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਫਿਲਹਾਲ ਸੀਸੀਟੀਵੀ ਫੁਟੇਜ ਰਾਹੀਂ ਚੋਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Advertisement