ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਭੇਜਿਆ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

ਕਿਸਾਨ ਮਜ਼ਦੂਰ ਮੋਰਚਾ ਤੇ ਐੱਸਕੇਐੱਮ (ਗ਼ੈਰ ਰਾਜਨੀਤਕ) ਦੀ ਅਗਵਾਈ ’ਚ ਸ਼ੰਭੂ ਬਾਰਡਰ ’ਤੇ ਲੱਗਾ ਮੋਰਚਾ 46ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ। ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਅਮਰਜੀਤ ਸਿੰਘ ਮੋਹੜੀ ਦੀ ਅਗਵਾਈ ਵਿਚ ਹਰਿਆਣਾ ਅੰਦਰ ਸ਼ਹੀਦ ਨੌਜਵਾਨ ਸ਼ੁਭਕਰਨ ਸਿੰਘ ਦੀ ਕਲਸ਼ ਯਾਤਰਾ ਲਗਾਤਾਰ ਪਿੰਡਾਂ ਵਿਚ ਅੱਗੇ ਵਧ ਰਹੀ ਹੈ। ਇਸ ਕਲਸ਼ ਯਾਤਰਾ ਨੂੰ ਹਰਿਆਣੇ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਰ ਇਕ ਪਿੰਡ ’ਚ ਸੈਂਕੜੇ ਦੀ ਗਿਣਤੀ ’ਚ ਲੋਕ ਸ਼ਹੀਦ ਨੂੰ ਸਰਧਾਂਜਲੀ ਦੇਣ ਲਈ ਉਮੜ ਰਹੇ ਹਨ।

ਦਸ ਦੇਈਏ ਕਿ ਇਸ ਕਲਸ਼ ਯਾਤਰਾ ਦੌਰਾਨ ਲੋਕਾਂ ਨੂੰ ਸ਼ਹੀਦ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ 31 ਮਾਰਚ ਦੀ ਮੋਹੜੀ ਮੰਡੀ, ਅੰਬਾਲਾ ਵਿਖੇ ਹੋਣ ਵਾਲੀ ਕਿਸਾਨ ਮਹਾਪੰਚਾਇਤ ਦਾ ਸੱਦਾ ਦਿੱਤਾ ਜਾ ਰਿਹਾ। ਹਰਿਆਣਾ ਸਰਕਾਰ 31 ਮਾਰਚ ਦੇ ਸ਼ਰਧਾਂਜਲੀ ਸਮਾਗਮ ਨੂੰ ਮਿਲ ਰਹੇ ਹੁੰਗਾਰੇ ਤੋਂ ਬੁਖ਼ਲਾਹਟ ’ਚ ਆ ਗਈ ਹੈ।

ਉਧਰ ਹੀ ਹੁਣ ਹਰਿਆਣਾ ਪੁਲਿਸ ਨੇ ਕਿਸਾਨ ਆਗੂਆਂ ਦੇ ਘਰਾਂ ’ਚ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਲਗਪਗ 50 ਕਿਸਾਨਾਂ ਆਗੂਆਂ ਦੇ ਘਰਾਂ ਬਾਹਰ ਪੁਲਿਸ ਅੱਗੇ ਪੇਸ਼ ਹੋਣ ਲਈ ਨੋਟਿਸ ਚਿਪਕਾਏ ਹਨ। ਛਾਪੇਮਾਰੀ ਤੇ ਨੋਟਿਸ ਚਿਪਕਾਉਣ ਗਈ ਪੁਲਿਸ ਨੂੰ ਪਿੰਡਾਂ ’ਚੋਂ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਈ ਪਿੰਡਾਂ ’ਚ ਬੀਬੀਆਂ, ਬਜ਼ੁਰਗਾਂ ਤੇ ਨੌਜਵਾਨਾਂ ਨੇ ਇਕੱਠੇ ਹੋ ਕੇ ਪੁਲਿਸ ਪਿੰਡਾਂ ਅੰਦਰ ਦਾਖ਼ਲ ਹੋਣ ਤੋਂ ਰੋਕਣ ’ਚ ਕਾਮਯਾਬ ਰਹੇ ਅਤੇ ਪੁਲਿਸ ਨੂੰ ਮੂੰਹ ਦੀ ਖਾਣੀ ਪਈ। ਹਰਿਆਣਾ ਦੇ ਪਿੰਡਾਂ ਅੰਦਰ ਚੱਲ ਰਹੀ ਮੁਹਿੰਮ ਨੂੰ ਢਾਹ ਲਾਉਣ ਦੇ ਇਰਾਦੇ ਨਾਲ ਹਰਿਆਣਾ ਪੁਲਿਸ ਨੇ ਪੰਜਾਬ ਦੀ ਹੱਦ ਅੰਦਰੋਂ ਮੁਹਾਲੀ ਹਵਾਈ ਅੱਡੇ ਤੋਂ ਬੀਕੇਯੂ (ਸ਼ਹੀਦ ਭਗਤ ਸਿੰਘ) ਦੇ ਕਿਸਾਨ ਨੌਜਵਾਨ ਆਗੂਆਂ ਨਵਦੀਪ ਸਿੰਘ ਜਲਬੇੜਾ ਤੇ ਗੁਰਕੀਰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Advertisement