ਹੁਣ ਬੱਚਿਆਂ ਨੂੰ ਕੁੱਟਣਾ ਤਾਂ ਦੂਰ ਦੀ ਗੱਲ, ਝਿੜਕ ਵੀ ਨਹੀਂ ਸਕਣਗੇ ਅਧਿਆਪਕ, ਨਵੇਂ ਹੁਕਮ ਜਾਰੀ

ਉੱਤਰ ਪ੍ਰਦੇਸ਼ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਅਧਿਆਪਕਾਂ ਦਾ ਵਿਦਿਆਰਥੀਆਂ ਪ੍ਰਤੀ ਵਿਵਹਾਰ ਕਿਹੋ ਜਿਹਾ ਹੋਵੇਗਾ, ਇਸ ਬਾਰੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਹੁਣ ਬੱਚਿਆਂ ਨੂੰ ਕੁੱਟਣਾ ਤਾਂ ਦੂਰ ਦੀ ਗੱਲ, ਝਿੜਕ ਵੀ ਨਹੀਂ ਸਕਦੇ। ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਨੂੰ ਫਿਜ਼ੀਕਲ ਸਜ਼ਾ ਨਹੀਂ ਦਿੱਤੀ ਜਾਵੇਗੀ। ਬੱਚਿਆਂ ਨੂੰ ਝਿੜਕਣ, ਅਹਾਤੇ ਵਿੱਚ ਭਜਾਉਣ ਅਤੇ ਚੂੰਢੀ ਵੱਢਣਾ ਉਤੇ ਪਾਬੰਦੀ ਲਗਾਈ ਗਈ ਹੈ। ਇੱਥੋਂ ਤੱਕ ਕਿ ਬੱਚਿਆਂ ਨੂੰ ਥੱਪੜ ਮਾਰਨ, ਗੋਡਿਆਂ ਦੇ ਭਾਰ ਬਿਠਾਉਣਾ, ਬੱਚਿਆਂ ਨੂੰ ਕਲਾਸ ਰੂਮ ਵਿੱਚ ਇਕੱਲੇ ਬੰਦ ਕਰਨ ਦੀ ਵੀ ਮਨਾਹੀ ਹੈ। ਨਵੇਂ ਸੈਸ਼ਨ ਵਿੱਚ ਮੁੱਢਲੀ ਸਿੱਖਿਆ ਵਿਭਾਗ ਨੇ ਇਸ ਸਬੰਧੀ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਇਸ ਤੋਂ ਇਲਾਵਾ ਸਕੂਲ ਵਿੱਚ ਸ਼ਿਕਾਇਤ ਬਾਕਸ ਹੋਣਾ ਵੀ ਲਾਜ਼ਮੀ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀ ਸ਼ਿਕਾਇਤ ਪੱਤਰ ਜਮ੍ਹਾਂ ਕਰਵਾ ਸਕਣ। ਦਿਸ਼ਾ-ਨਿਰਦੇਸ਼ਾਂ ਅਨੁਸਾਰ, ਪੇਰੈਂਟ ਟੀਚਰ ਕਮੇਟੀ ਇਨ੍ਹਾਂ ਸ਼ਿਕਾਇਤਾਂ ਨੂੰ ਨਿਯਮਤ ਤੌਰ ‘ਤੇ ਸੁਣੇਗੀ। ਇੰਨਾ ਹੀ ਨਹੀਂ, ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ। ਹਰ ਮਹੀਨੇ ਹੋਣ ਵਾਲੀ ਅਧਿਆਪਕ-ਮਾਪੇ ਕਮੇਟੀ ਦੀ ਮੀਟਿੰਗ ਵਿੱਚ ਅਧਿਕਾਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਮੁੱਖ ਮੰਤਰੀ ਵੱਲੋਂ ਪੜ੍ਹਾਈ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਸ਼ੁਰੂ ਕੀਤੇ ਗਏ ਟੋਲ ਫਰੀ ਨੰਬਰ 18008893277 ਦਾ ਹੋਰ ਪ੍ਰਚਾਰ ਕਰਨ ਲਈ ਵੀ ਕਿਹਾ ਗਿਆ ਹੈ।

Advertisement