13 ਅਪ੍ਰੈਲ 2024 ਲਈ ਵਿਸ਼ੇਸ਼: ਖ਼ਾਲਸਾ ਸਾਜਣਾ ਦਿਵਸ ਦਾ ਹੈ ਇਤਿਹਾਸਕ ਮਹੱਤਵ

ਖ਼ਾਲਸਾ ਸਾਜਣਾ ਦਾ ਇਤਿਹਾਸ ਸਿੱਖ ਕੌਮ ਲਈ ਇਕ ਗੌਰਵਮਈ ਗਾਥਾ ਹੈ, ਜਿਸ ਨਾਲ ਹਰ ਸਿੱਖ ਅੰਦਰ ਵਿਲੱਖਣ ਅਤੇ ਨਿਰਾਲੀ ਹੋਂਦ ਹਸਤੀ ਦਾ ਅਹਿਸਾਸ ਪੈਦਾ ਹੁੰਦਾ ਹੈ। ਖਾਲਸਾ ਆਦਰਸ਼ਕ ਮਨੁੱਖ ਹੈ, ਜਿਸ ਦਾ ਜੀਵਨ ਸਮਾਜ ਲਈ ਪ੍ਰੇਰਣਾਮਈ ਹੋਣ ਦੇ ਨਾਲ-ਨਾਲ ਹੱਕ ਸੱਚ ਦੀ ਰਖਵਾਲੀ ਲਈ ਵੀ ਮਿਸਾਲੀ ਹੈ। ਖਾਲਸੇ ਦੀ ਘਾੜਤ ਵਿਚ ਦਸ ਗੁਰੂ ਸਾਹਿਬਾਨ ਦੀ ਪਵਿੱਤਰ ਵਿਚਾਰਧਾਰਾ ਸ਼ਾਮਲ ਹੈ।

ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਨ 1699 ਦੀ ਵਿਸਾਖੀ ਦਾ ਦਿਨ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਉਘੜਵੇਂ ਰੂਪ ਵਿਚ ਦਰਜ ਹੈ। ਇਸ ਦਿਨ ਦਸਮੇਸ਼ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਣਾ ਕਰਕੇ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਇਕ ਕ੍ਰਾਂਤੀਕਾਰੀ ਅਧਿਆਏ ਸਿਰਜਿਆ। ਇਸ ਸਾਲ ਸਿੱਖ ਕੌਮ ਵੱਲੋਂ ਖਾਲਸਾ ਸਾਜਣਾ ਦਾ 325ਵਾਂ ਦਿਹਾੜਾ ਜਾਹੋ-ਜਲਾਲ ਨਾਲ ਮਨਾਇਆ ਜਾ ਰਿਹਾ ਹੈ।

ਦਸ਼ਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਨੂੰ ਵਿਸਾਖੀ ਦੇ ਦਿਹਾੜੇ ’ਤੇ ਖ਼ਾਲਸੇ ਦੀ ਸਿਰਜਣਾ ਕਰਕੇ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਅਰਥ ਪ੍ਰਦਾਨ ਕੀਤੇ। ਦਸਵੇਂ ਪਾਤਸ਼ਾਹ ਜੀ ਦੇ ਇਸ ਅਦੁੱਤੀ ਕਾਰਨਾਮੇ ਨੇ ਸਦੀਆਂ ਤੋਂ ਲਤਾੜੇ, ਗੁਲਾਮੀ ਵਾਲਾ ਜੀਵਨ ਜੀਅ ਰਹੇ ਲੋਕਾਂ ਨੂੰ ਆਤਮ ਵਿਸ਼ਵਾਸੀ ਬਣਾ ਕੇ ਅਰਸ਼ ’ਤੇ ਪਹੁੰਚਾ ਦਿੱਤਾ। ਸ੍ਰੀ ਅਨੰਦਪੁਰ ਸਾਹਿਬ ਵਿਖੇ 1699 ਦੀ ਵਿਸਾਖੀ ਦਾ ਇਹ ਦਿਨ ਜਬਰ, ਜ਼ੁਲਮ, ਬੇਇਨਸਾਫੀ, ਵਿਤਕਰੇ, ਝੂਠ, ਪਾਖੰਡ, ਅਨਿਆਂ ਆਦਿ ਵਿਰੁੱਧ ਇੱਕ ਸੰਘਰਸ਼ ਦਾ ਬਿਗਲ ਬਣਿਆ। ਇਹ ਦਿਹਾੜਾ ਅਨੋਖਾ ਨਜ਼ਾਰਾ ਪੇਸ਼ ਕਰਨ ਵਾਲਾ ਵੀ ਹੈ, ਕਿਉਂਕਿ ਇਸ ਦਿਨ ਜਿਥੇ ਇੱਕ ਪਾਸੇ ਗੁਰੂ ਜੀ ਵੱਲੋਂ ਸਾਜੇ ਪੰਜ ਪਿਆਰੇ ਗੁਰੂ ਸਾਹਿਬ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਨਿਹਾਲ ਹੋਏ, ਉਥੇ ਹੀ ਦੂਸਰੇ ਪਾਸੇ ਗੁਰੂ ਸਾਹਿਬ ਜੀ ਨੇ ਵੀ ਖਾਲਸੇ ਪਾਸੋਂ ਆਪ ਅੰਮ੍ਰਿਤਪਾਨ ਕਰਕੇ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਨਿਵੇਕਲੀ ਮਿਸਾਲ ਕਾਇਮ ਕੀਤੀ।

ਅੱਜ ਜਦੋਂ ਸਿੱਖ ਕੌਮ ਖਾਲਸਾ ਸਾਜਣਾ ਦਾ 325 ਸਾਲਾ ਦਿਹਾੜਾ ਮਨਾ ਰਿਹਾ ਹੈ, ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਹਰ ਸਿੱਖ ਨੂੰ ਆਪਣੇ ਘਰਾਂ ’ਤੇ ਖਾਲਸਈ ਨਿਸ਼ਾਨ ਝੁਲਾਉਣ ਦਾ ਆਦੇਸ਼ ਕੌਮੀ ਇਕਜੁਟਤਾ ਅਤੇ ਚੜ੍ਹਦੀ ਕਲਾ ਦੇ ਪ੍ਰਭਾਵ ਨੂੰ ਸਿਰਜਣ ਵਾਲਾ ਹੈ। ਇਸ ਨਾਲ ਪੂਰੀ ਦੁਨੀਆਂ ਵਿਚ ਸਿੱਖ ਕੌਮ ਦਾ ਜਾਹੋ-ਜਲਾਲ ਉਭਰੇਗਾ ਅਤੇ ਖਾਲਸਾ ਸਾਜਣਾ ਦਾ 325 ਸਾਲਾ ਦਿਹਾੜਾ ਯਾਦਗਾਰੀ ਹੋ ਨਿਬੜੇਗਾ। ਇਸ ਸਬੰਧ ਵਿਚ ਹਰ ਸਿੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਆਦੇਸ਼ ਨੂੰ ਸਿਰ ਮੱਥੇ ਮੰਨਦਿਆਂ ਖਾਲਸਈ ਜਾਹੋ-ਜਲਾਲ ਵਿਚ ਸ਼ਾਮਲ ਹੋਵੇ ਅਤੇ ਖ਼ਾਲਸਈ ਨਿਸ਼ਾਨ ਆਪਣੇ ਘਰ ’ਤੇ ਝੁਲਾ ਕੇ ਕੌਮੀ ਪ੍ਰਤੀ ਸਮਰਪਣ ਦੀ ਭਾਵਨਾ ਦਾ ਪ੍ਰਗਟਾਵਾ ਕਰੇ।

Advertisement