ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਾਈਡਨ ਅਤੇ ਟਰੰਪ ਹੋਣਗੇ ਆਹਮੋ-ਸਾਹਮਣੇ!

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਵਾਸ਼ਿੰਗਟਨ ‘ਚ ਡੈਮੋਕ੍ਰੇਟਿਕ ਪ੍ਰਾਇਮਰੀ ਚੋਣ ਜਿੱਤ ਲਈ ਹੈ, ਜਦਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਿਪਬਲਿਕਨ ਪ੍ਰਾਇਮਰੀ ਚੋਣ ਜਿੱਤ ਕੇ ਆਪਣੀਆਂ ਪਾਰਟੀਆਂ ਤੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਵੱਲ ਕਦਮ ਵਧਾਏ ਹਨ। ਰਾਸ਼ਟਰਪਤੀ ਬਾਈਡਨ (81) ਨੇ ਜਾਰਜੀਆ ਵਿੱਚ ਪਾਰਟੀ ਦੀ ਪ੍ਰਾਇਮਰੀ ਚੋਣ ਆਸਾਨੀ ਨਾਲ ਜਿੱਤ ਲਈ ਹੈ। ਹੁਣ ਉਹ ਰਾਸ਼ਟਰਪਤੀ ਚੋਣਾਂ ਲਈ ਪਾਰਟੀ ਦੇ ਸੰਭਾਵਿਤ ਉਮੀਦਵਾਰ ਬਣ ਗਏ ਹਨ।

ਬਾਈਡਨ ਨੂੰ ਕੁੱਲ 3,933 ਡੈਲੀਗੇਟਾਂ (ਵੋਟਰਾਂ ਦੀ ਨੁਮਾਇੰਦਗੀ ਕਰਨ ਵਾਲੇ ਪਾਰਟੀ ਮੈਂਬਰ) ਵਿੱਚੋਂ ਅੱਧੇ ਤੋਂ ਵੱਧ ਦਾ ਸਮਰਥਨ ਪ੍ਰਾਪਤ ਹੋਇਆ ਹੈ। ਡੈਮੋਕਰੇਟਿਕ ਉਮੀਦਵਾਰ ਬਣਨ ਲਈ 1,968 ਡੈਲੀਗੇਟਾਂ ਦੀ ਲੋੜ ਹੈ। ਬਾਈਡਨ ਨੂੰ ਅਗਸਤ ‘ਚ ਸ਼ਿਕਾਗੋ ‘ਚ ਹੋਣ ਵਾਲੀ ‘ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ’ ਦੌਰਾਨ ਪਾਰਟੀ ਦੇ ਉਮੀਦਵਾਰ ਦਾ ਰਸਮੀ ਐਲਾਨ ਕੀਤਾ ਜਾਵੇਗਾ। ਟਰੰਪ (77) ਨੂੰ ਹੁਣ ਤੱਕ 1,215 ਡੈਲੀਗੇਟਾਂ ਦਾ ਸਮਰਥਨ ਮਿਲ ਚੁੱਕਾ ਹੈ। ਜੁਲਾਈ ਵਿਚ ਮਿਲਵਾਕੀ ਵਿਚ ‘ਰਿਪਬਲਿਕਨ ਨੈਸ਼ਨਲ ਕਨਵੈਨਸ਼ਨ’ ਵਿਚ ਟਰੰਪ ਨੂੰ ਅਧਿਕਾਰਤ ਤੌਰ ‘ਤੇ ਉਮੀਦਵਾਰ ਐਲਾਨਿਆ ਜਾਵੇਗਾ।

ਮੀਤ ਪ੍ਰਧਾਨ ਕਮਲਾ ਹੈਰਿਸ ਨੇ ਬਾਈਡਨ ਦੇ ਪਾਰਟੀ ਦੇ ਉਮੀਦਵਾਰ ਬਣਨ ‘ਤੇ ਖੁਸ਼ੀ ਪ੍ਰਗਟਾਈ ਹੈ। ਬਾਈਡਨ ਨੇ ਇੱਕ ਬਿਆਨ ਜਾਰੀ ਕਰਕੇ ਜਿੱਤ ਅਤੇ ਉਮੀਦਵਾਰੀ ‘ਤੇ ਖੁਸ਼ੀ ਜ਼ਾਹਰ ਕੀਤੀ ਅਤੇ ਟਰੰਪ ਨੂੰ ਲੋਕਤੰਤਰ ਲਈ ਖ਼ਤਰਾ ਕਰਾਰ ਦਿੱਤਾ ਗਿਆ ਹੈ।

ਬਾਈਡਨ ਨੇ ਕਿਹਾ ਕਿ ਟਰੰਪ ਗੁੱਸੇ ਅਤੇ ਬਦਲੇ ਦੀ ਮੁਹਿੰਮ ਚਲਾ ਰਹੇ ਹਨ ਜੋ ਅਮਰੀਕਾ ਦੇ ਮੂਲ ਵਿਚਾਰ ਨੂੰ ਖ਼ਤਰਾ ਹੈ। ਮੰਗਲਵਾਰ ਨੂੰ ਪ੍ਰਾਇਮਰੀ ਚੋਣਾਂ ਦੀ ਪੂਰਵ ਸੰਧਿਆ ‘ਤੇ, ਟਰੰਪ ਨੇ ਮੰਨਿਆ ਸੀ ਕਿ ਬਾਈਡਨ ਉਨ੍ਹਾਂ ਤੋਂ ਪਹਿਲਾਂ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਹੋਣਗੇ।

Advertisement