ਡੇਰਾ ਸਿਰਸਾ ਰਾਮ ਰਹੀਮ ਅਤੇ ਉਸ ਦੀ ਧੀ ਹਨੀਪ੍ਰੀਤ ਬਾਰੇ ਵੱਡਾ ਖ਼ੁਲਾਸਾ ਹੋਇਆ ਹੈ ਜਿਸ ਨਾਲ ਹਨੀਪ੍ਰੀਤ ਦੀਆਂ ਮੁਸੀਬਤਾਂ ਵਧ ਸਕਦੀਆਂ ਹਨ। ਦਰਅਸਲ, ਬੇਅਦਬੀ ਮਾਮਲਿਆਂ ਵਿੱਚ ਗ੍ਰਿਫਤਾਰ ਮੁੱਖ ਦੋਸ਼ੀ ਪ੍ਰਦੀਪ ਕਲੇਰ ਨੇ ਉਸ ਨੂੰ ਫਰੀਦਕੋਟ ਜ਼ਿਲ੍ਹੇ ਚ 2015 ਚ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਸਾਜ਼ਿਸ਼ਕਰਤਾਵਾਂ ਵਿੱਚੋਂ ਇੱਕ ਦੱਸਿਆ ਹੈ। ਜਿਸ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਹਨੀਪ੍ਰੀਤ ਦਾ ਨਾਂ ਬੇਅਦਬੀ ਨਾਲ ਸਬੰਧਤ ਮਾਮਲੇ ਵਿੱਚ ਸਾਹਮਣੇ ਆਇਆ ਹੈ।
ਦਸ ਦੇਈਏ ਕਿ ਕਲੇਰ ਨੇ ਦਾਅਵਾ ਕੀਤਾ ਕਿ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਇੱਕ ਸਿੱਖ ਪ੍ਰਚਾਰਕ ਵੱਲੋਂ ਡੇਰੇ ਨਾਲ ਸਬੰਧ ਤੋੜਨ ਲਈ ਮਜਬੂਰ ਕਰਨ ਤੋਂ ਬਾਅਦ ਹਨੀਪ੍ਰੀਤ ਅਤੇ ਗੁਰਮੀਤ ਰਾਮ ਰਹੀਮ ਨੇ ਮਰਹੂਮ ਮਹਿੰਦਰ ਪਾਲ ਬਿੱਟੂ ਅਤੇ 7 ਹੋਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਨਿਰਦੇਸ਼ ਦਿੱਤੇ ਸਨ। ਚੰਡੀਗੜ੍ਹ ਦੀ ਅਦਾਲਤ ਵਿੱਚ ਸੀਆਰਪੀਸੀ ਦੀ ਧਾਰਾ 164 ਦੇ ਤਹਿਤ ਆਪਣੇ ਬਿਆਨ ਵਿੱਚ ਕਲੇਰ ਨੇ ਕਿਹਾ ਕਿ ਹਨੀਪ੍ਰੀਤ ਅਤੇ ਡੇਰਾ ਮੁਖੀ ਨੇ ਇੱਕ ਸਿੱਖ ਪ੍ਰਚਾਰਕ ਤੋਂ ਬਾਅਦ ਮਰਹੂਮ ਮਹਿੰਦਰ ਪਾਲ ਬਿੱਟੂ ਅਤੇ ਸੱਤ ਹੋਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਨਿਰਦੇਸ਼ ਦਿੱਤੇ ਸਨ। ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਕਥਿਤ ਤੌਰ ‘ਤੇ ਕਈ ਡੇਰਾ ਪੈਰੋਕਾਰਾਂ ਨੂੰ ਡੇਰੇ ਨਾਲ ਆਪਣੇ ਸਬੰਧ ਤੋੜਨ ਲਈ ਮਜਬੂਰ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਸੀ। 25 ਸਤੰਬਰ ਨੂੰ ਸਿੱਖ ਧਰਮ ਅਤੇ ਗੁਰੂ ਸਾਹਿਬਾਨ ਪ੍ਰਤੀ ਅਪਮਾਨਜਨਕ ਟਿੱਪਣੀਆਂ ਵਾਲੇ ਦੋ ਪੋਸਟਰ ਚਿਪਕਾਉਣ ਸਬੰਧੀ ਦੂਜਾ ਮਾਮਲਾ ਦਰਜ ਕੀਤਾ ਗਿਆ। 12 ਅਕਤੂਬਰ 2015 ਨੂੰ ਤੀਜਾ ਮਾਮਲਾ ਦਰਜ ਕੀਤਾ ਗਿਆ ਸੀ, ਜਦੋਂ ਪਿੰਡ ਬਰਗਾੜੀ ਦੇ ਇੱਕ ਗੁਰਦੁਆਰੇ ਦੇ ਬਾਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਮਿਲੇ ਸਨ।