ਟਰੈਕਟਰਾਂ ‘ਤੇ ਵੱਡੇ-ਵੱਡੇ ਸਪੀਕਰ ਲਾ ਕੇ ਹੁਲੜਬਾਜ਼ੀ ਕਰਨ ਵਾਲਿਆਂ ਨੂੰ ਨਸੀਹਤ….

ਸ਼ਹੀਦ ਐਨਆਰਆਈ ਭਾਈ ਪਰਦੀਪ ਸਿੰਘ ਖਾਲਸਾ ਦੇ ਪਿਤਾ ਗੁਰਬਖਸ਼ ਸਿੰਘ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਜੋੜ ਮੇਲੇ ਗੁਰੂ ਘਰਾਂ ਦੀ ਮਰਿਆਦਾ ਅਨੁਸਾਰ ਹੀ ਮਨਾਏ ਜਾਣ। ਟਰੈਕਟਰਾਂ ਉੱਪਰ ਵੱਡੇ-ਵੱਡੇ ਸਪੀਕਰ ਵਿੱਚ ਉੱਚੀ-ਉੱਚੀ ਗਾਣੇ ਲਾ ਕੇ ਜੋੜ ਮੇਲੇ ‘ਤੇ ਆਉਣ ਵਾਲੇ ਹੁੱਲੜਬਾਜਾਂ ਨੂੰ ਰੋਕਣ ਸਬੰਧੀ ਠੋਸ ਕਦਮ ਉਠਾਏ ਜਾਣ। ਉਨ੍ਹਾਂ ਨੇ ਕਿਹਾ ਹੈ ਕਿ ਇਸ ਸਬੰਧੀ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਜਾਵੇ।

ਉਨ੍ਹਾਂ ਨੇ ਕਿਹਾ ਕਿ ਸਮੁੱਚੀ ਧਾਰਮਿਕ, ਸਮਾਜਿਕ ਲੀਡਰਸ਼ਿਪ ਤੇ ਬੁੱਧੀਜੀਵੀਆਂ ਦੀ ਮਦਦ ਨਾਲ ਗੁਰੂਧਾਮਾਂ ਤੇ ਧਾਰਮਿਕ ਦਰਸ਼ਨ ਦੀਦਾਰਿਆਂ ਲਈ ਜਾ ਰਹੀ ਸੰਗਤ ਨੂੰ ਗੁਰੂ ਘਰ ਦੀ ਮਰਿਆਦਾ ਅਨੁਸਾਰ ਵਾਹਿਗੁਰੂ ਦੇ ਜਾਪ ਰਾਹੀਂ ਗੁਰੂ ਘਰਾਂ ਨਾਲ ਜੋੜਨਾ ਚਾਹੀਦਾ ਹੈ। ਇਹੀ ਬੇਨਤੀਆਂ ਲੈ ਕੇ ਅਸੀਂ ਸਮੁੱਚੀ ਧਾਰਮਿਕ, ਸਮਾਜਿਕ ਲੀਡਰਸ਼ਿਪ, ਬੁੱਧੀਜੀਵੀਆਂ, ਪ੍ਰਸ਼ਾਸਨ ਤੇ ਸਿੱਖ ਜਥੇਬੰਦੀਆਂ ਅੱਗੇ ਬੇਨਤੀ ਪੱਤਰ ਲੈ ਕੇ ਆਏ ਹਾਂ।

ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਚਲਾਈ ਗਈ ਰਹਿਤ ਮਰਿਆਦਾ ਅਨੁਸਾਰ ਗੁਰੂ ਘਰਾਂ ਵਿੱਚ ਜੋੜ ਮੇਲਿਆਂ ਦੌਰਾਨ ਸਿੰਘਾਂ ਨੂੰ ਆਪਸ ਵਿੱਚ ਸਿਰ ਜੋੜ ਕੇ ਪਾਠ ਕਰਨ ਦੀ ਮਰਿਆਦਾ ਹੈ ਨਾ ਕਿ ਗੁਰੂ ਘਰਾਂ ਵਿੱਚ ਹੁਲੜਬਾਜੀ ਕਰਨਾ। ਉਨ੍ਹਾਂ ਕਿਹਾ ਕਿ ਸਿੱਖ ਪੰਥ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹੁੱਲੜਬਾਜ਼ੀ ਤੇ ਲੜਾਈਆਂ ਕਰਨ ਦੇ ਨਾਲ-ਨਾਲ ਟਰੈਕਟਰਾਂ ਦੀਆਂ ਰੇਸਾਂ ਜਾਂ ਫਿਰ ਬੁਲੇਟ ਦੇ ਪਟਾਕੇ ਆਦਿ ਨੂੰ ਉਤਸ਼ਾਹਤ ਕਰਕੇ ਪੰਥ ਨੂੰ ਢਾਅ ਲਾਈ ਜਾ ਰਹੀ ਹੈ।

Advertisement