ਅੱਜ ਕਿਸਾਨ ਅੰਦੋਲਨ 2.0 ਨੂੰ 100 ਦਿਨ ਹੋਏ ਪੂਰੇ, ਬਾਰਡਰ ‘ਤੇ ਹੋਣਗੀਆਂ ਕਾਨਫਰੰਸਾਂ

ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਸ਼ੰਭੂ ਬੈਰੀਅਰ ‘ਤੇ ਕਿਸਾਨ ਅਤੇ ਮਜ਼ਦੂਰਾਂ ਵਲੋਂ 90 ਦਿਨਾਂ ਤੋਂ ਅੰਦੋਲਨ ਚਲਾਇਆ ਜਾ ਰਿਹਾ ਹੈ। ਅੱਜ ਇਸ ਅੰਦੋਲਨ ਨੂੰ 100 ਦਿਨ ਪੂਰੇ ਹੋ ਗਏ ਹਨ ਅਤੇ 100 ਦਿਨ ਪੂਰੇ ਹੋਣ ‘ਤੇ ਵੱਡੀ ਮਾਤਰਾ ਵਿੱਚ ਇਕੱਠ ਕੀਤਾ ਜਾਵੇਗਾ। ਅੰਦੋਲਨ-2 ਦੇ 100 ਦਿਨ ਪੂਰੇ ਹੋਣ ’ਤੇ ਸ਼ੰਭੂ ਬਾਰਡਰ, ਖਨੌਰੀ, ਡੱਬਵਾਲੀ ਅਤੇ ਰਤਨਪੁਰਾ ਵਿਖੇ ਵੱਡੀਆਂ ਕਿਸਾਨ ਕਾਨਫਰੰਸਾਂ ਕੀਤੀਆਂ ਜਾਣਗੀਆਂ।

ਇਸ ਨੂੰ ਲੈਕੇ ਕਿਸਾਨਾਂ ਨੇ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ। ਇੱਥੇ ਤੱਕ ਦੇਸ਼ ਭਰ ਤੋਂ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਕਿਸਾਨਾਂ ਲਈ ਰਿਹਾਇਸ਼ ਅਤੇ ਲੰਗਰ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਦੱਸ ਦਈਏ ਕਿ ਕਿਸਾਨ 13 ਫਰਵਰੀ ਤੋਂ ਆਪਣੀ ਹੱਕੀ ਮੰਗਾਂ ਨੂੰ ਲੈਕੇ ਸ਼ੰਭੂ ਬਾਰਡਰ ‘ਤੇ ਧਰਨੇ ‘ਤੇ ਬੈਠੇ ਹਨ, ਜਿਸ ਦੌਰਾਨ ਕਈ ਕਿਸਾਨਾਂ ਨੇ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ, ਕਈਆਂ ਨੇ ਸੱਟਾਂ, ਗੋਲੀਆਂ ਖਾਂਦੀਆਂ ਤਾਂ ਕਈ ਕਿਸਾਨ ਆਪਣੀ ਜਾਨ ਵੀ ਗੁਆ ਬੈਠੇ। ਹਾਲੇ ਤੱਕ ਕਿਸਾਨਾਂ ਦੇ ਮੁੱਦਿਆਂ ਦਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਕਿਸਾਨਾਂ ਨੇ ਵੀ ਪੂਰੀ ਅੜੀ ਕੀਤੀ ਹੋਈ ਹੈ, ਹਾਲਾਂਕਿ ਇੰਨੀ ਗਰਮੀ ਹੈ, ਅੰਦੋਲਨ ਸਰਦੀ ਤੋਂ ਗਰਮੀ ਤੱਕ ਪਹੁੰਚ ਗਿਆ ਪਰ ਕਿਸਾਨਾਂ ਦੇ ਹੌਂਸਲੇ ਨਹੀਂ ਘੱਟ ਹੋਏ ਹਨ। 

ਉੱਥੇ ਹੀ ਅੱਜ ਕਿਸਾਨਾਂ ਨੇ 100 ਦਿਨ ਪੂਰੇ ਹੋਣ ‘ਤੇ ਵੱਡਾ ਪ੍ਰੋਗਰਾਮ ਉਲੀਕਿਆ ਹੋਇਆ ਹੈ, ਵੱਡੀਆਂ-ਵੱਡੀਆਂ ਕਾਨਫਰੰਸਾਂ ਹੋਣਗੀਆਂ ਅਤੇ ਆਪਣੀਆਂ ਮੰਗਾਂ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ। ਜ਼ਿਕਰਯੋਗ ਹੈ ਪਿਛਲੇ ਦਿਨੀਂ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਨੇ ਤਾਂ ਇਹ ਵੀ ਕਬੂਲ ਕਰ ਲਿਆ ਹੈ ਕਿ ਜਿਹੜੀਆਂ ਕਿਸਾਨਾਂ ‘ਤੇ ਗੋਲੀਆਂ ਚੱਲੀਆਂ ਸਨ, ਉਹ ਉਸ ਦੀ ਜ਼ਿੰਮੇਵਾਰੀ ਲੈਂਦੇ ਹਨ। 

Advertisement