ਪੰਜਾਬ ‘ਚ ਗਰਮੀ ਨੇ ਤੋੜੇ ਸਾਰੇ ਰਿਕਾਰਡ, 48 ਡਿਗਰੀ ਤੋਂ ਪਾਰ ਹੋਇਆ ਪਾਰਾ

ਪੰਜਾਬ ‘ਚ ਨੌਤਪਾ ਦੇ ਤੀਜੇ ਦਿਨ ਤਾਪਮਾਨ ਨੇ ਪਿਛਲੇ 46 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸੋਮਵਾਰ ਨੂੰ ਬਠਿੰਡਾ ਵਿੱਚ ਤਾਪਮਾਨ 48.4 ਡਿਗਰੀ ਦਰਜ ਕੀਤਾ ਗਿਆ। ਪੰਜਾਬ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 29 ਮਈ ਤੱਕ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਤੋਂ ਬਾਅਦ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਦੀ ਉਮੀਦ ਹੈ।

ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਮੁਤਾਬਕ ਪੰਜਾਬ ਵਿੱਚ ਦੋ ਦਿਨ ਹੋਰ ਨੌਤਪਾ ਦਾ ਅਸਰ ਦੇਖਣ ਨੂੰ ਮਿਲੇਗਾ। ਇਸ ਦੌਰਾਨ ਤਾਪਮਾਨ ਵਿੱਚ ਮਾਮੂਲੀ ਵਾਧਾ ਦੇਖਿਆ ਜਾ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਬਠਿੰਡਾ ਵਿੱਚ ਤਾਪਮਾਨ 48.4 ਡਿਗਰੀ ਦਰਜ ਕੀਤਾ ਗਿਆ ਹੈ, ਜੋ ਕਿ 21 ਮਈ 1978 ਦੇ ਤਾਪਮਾਨ ਨਾਲੋਂ 0.7 ਡਿਗਰੀ ਵੱਧ ਹੈ। ਇਸ ਦਿਨ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਅੰਮ੍ਰਿਤਸਰ ਵਿੱਚ 47.7 ਡਿਗਰੀ ਦਰਜ ਕੀਤਾ ਗਿਆ ਸੀ।

ਇਸ ਦੇ ਨਾਲ ਹੀ ਬਠਿੰਡਾ ਤੋਂ ਬਾਅਦ ਸਭ ਤੋਂ ਵੱਧ ਤਾਪਮਾਨ ਪਠਾਨਕੋਟ ਵਿੱਚ 47.1 ਡਿਗਰੀ ਰਿਹਾ। ਇਸ ਦੇ ਨਾਲ ਹੀ ਫ਼ਿਰੋਜ਼ਪੁਰ ਦਾ ਤਾਪਮਾਨ 45.7 ਡਿਗਰੀ, ਫ਼ਰੀਦਕੋਟ ਦਾ 45.6 ਡਿਗਰੀ, ਅੰਮ੍ਰਿਤਸਰ ਦਾ ਤਾਪਮਾਨ 45.4 ਡਿਗਰੀ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ ਵਿਚ ਸੋਮਵਾਰ ਨੂੰ ਪਾਰਾ 45.4 ਡਿਗਰੀ ਦਰਜ ਕੀਤਾ ਗਿਆ। ਉਥੇ ਹੀ ਜਲੰਧਰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 42.7 ਡਿਗਰੀ, ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 44.8 ਡਿਗਰੀ ਤੇ ਮੋਹਾਲੀ ਸੋਮਵਾਰ ਸ਼ਾਮ ਨੂੰ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ ਦਰਜ ਕੀਤਾ ਗਿਆ। ਪਟਿਆਲਾ ਵਿਚ ਬੀਤੇ ਦਿਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 45.4 ਡਿਗਰੀ ਤੱਕ ਪਹੁੰਚਿਆ।

Advertisement