ਪੰਜਾਬ ‘ਚ ਕੱਲ੍ਹ ਤੋਂ ਹਫਤਾ ਭਰ ਬੰਦ ਰਹਿਣਗੇ ਸ਼ਰਾਬ ਦੇ ਠੇਕੇ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ ਚੋਣਾਂ ਲਈ ਵੋਟਿੰਗ ਵਾਲੇ ਦਿਨ ਪਹਿਲੀ ਜੂਨ ਨੂੰ ਸੂਬੇ ਵਿੱਚ ਵਿਸ਼ੇਸ਼ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ 30 ਮਈ ਤੋਂ ਪਹਿਲੀ ਜੂਨ ਤੇ 4 ਜੂਨ ਨੂੰ ਚੋਣਾਂ ਦੇ ਨਤੀਜਿਆਂ ਵਾਲੇ ਦਿਨ ‘ਡਰਾਈ ਡੇਅ’ (ਸ਼ਰਾਬਬੰਦੀ) ਦਾ ਐਲਾਨ ਕੀਤਾ ਹੈ। ਇਸ ਦੌਰਾਨ ਸ਼ਰਾਬ ਦੇ ਸਾਰੇ ਠੇਕੇ ਬੰਦ ਰਹਿਣਗੇ। 

ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਵਿੱਦਿਅਕ ਅਦਾਰਿਆਂ ਲਈ ਪਹਿਲੀ ਜੂਨ ਨੂੰ ਗਜ਼ਟਿਡ ਛੁੱਟੀ ਰਹੇਗੀ। ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ-1881 ਅਧੀਨ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸੇ ਵੀ ਸਨਅਤੀ ਜਾਂ ਕਿਸੇ ਹੋਰ ਅਦਾਰੇ ਵਿੱਚ ਕੰਮ ਕਰਨ ਵਾਲੇ ਵੋਟਰਾਂ ਨੂੰ ਵੀ ਵੋਟ ਪਾਉਣ ਲਈ ਪਹਿਲੀ ਜੂਨ ਨੂੰ ਅਦਾਇਗੀਯੋਗ ਛੁੱਟੀ ਐਲਾਨੀ ਗਈ ਹੈ। ਸਿਬਿਨ ਸੀ ਨੇ ਕਿਹਾ ਕਿ ਪਹਿਲੀ ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਉਨ੍ਹਾਂ ਸਾਰਿਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

Advertisement