ਚੰਡੀਗੜ੍ਹ PGI 1 ਜੂਨ ਨੂੰ ਮੁਕੰਮਲ ਤੌਰ ’ਤੇ ਰਹੇਗਾ ਬੰਦ

ਚੰਡੀਗੜ੍ਹ ਪੀਜੀਆਈ ਨੇ ਲੋਕ ਸਭਾ ਚੋਣਾਂ ਕਰਕੇ 1 ਜੂਨ ਨੂੰ ਓਪੀਡੀ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਰੁਟੀਨ ਦੇ ਕੰਮਕਾਜ ਵੀ ਬੰਦ ਰਹਿਣਗੇ। ਹਾਲਾਂਕਿ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਰੀਜ਼ਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਐਮਰਜੈਂਸੀ ਸੇਵਾਵਾਂ ਅਤੇ ਟਰੌਮਾ ਸੇਵਾਵਾਂ ਜਾਰੀ ਰਹਿਣਗੀਆਂ। ਇਹ ਫੈਸਲਾ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਿਆ ਗਿਆ ਹੈ।

ਚੰਡੀਗੜ੍ਹ ਪੀਜੀਆਈ ਦੀ OPD ਵਿੱਚ ਹਰ ਰੋਜ਼ ਵੱਖ-ਵੱਖ ਵਿਭਾਗਾਂ ਦੇ 7000 ਤੋਂ 8000 ਮਰੀਜ਼ ਆਉਂਦੇ ਹਨ। ਲਗਭਗ 250 ਤੋਂ 300 ਆਪਰੇਸ਼ਨ ਨਿਯਮਤ ਤੌਰ ‘ਤੇ ਕੀਤੇ ਜਾਂਦੇ ਹਨ। ਅਜਿਹੇ ‘ਚ ਚੰਡੀਗੜ੍ਹ ਪ੍ਰਸ਼ਾਸਨ ਨੇ OPD ‘ਚ ਹਾਜ਼ਰ ਹੋਣ ਲਈ ਆਨਲਾਈਨ ਅਪਲਾਈ ਕਰਨ ਵਾਲੇ ਮਰੀਜ਼ਾਂ ਨੂੰ ਇਸ ਨੂੰ ਮੁੜ ਤਹਿ ਕਰਨ ਦੀ ਸਲਾਹ ਦਿੱਤੀ ਹੈ। ਜਿਨ੍ਹਾਂ ਨੂੰ ਅਪਰੇਸ਼ਨ ਲਈ ਸਮਾਂ ਮਿਲ ਗਿਆ ਹੈ, ਉਨ੍ਹਾਂ ਨੂੰ ਵੀ ਆਪਣੀ ਤਰੀਕ ਮੁੜ ਤਹਿ ਕਰ ਲੈਣੀ ਚਾਹੀਦੀ ਹੈ।

ਦਸ ਦੇਈਏ ਕਿ ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ ਦਾ ਆਖਰੀ ਪੜਾਅ 1 ਜੂਨ ਨੂੰ ਹੋ ਰਿਹਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਕਿ ਹਰ ਕੋਈ ਆਸਾਨੀ ਨਾਲ ਵੋਟ ਪਾ ਸਕੇ, ਚੋਣ ਕਮਿਸ਼ਨ ਨੇ 1 ਜੂਨ ਨੂੰ ਸਾਰੇ ਅਦਾਰੇ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਅਜਿਹੇ ਵਿੱਚ ਚੰਡੀਗੜ੍ਹ ਦੇ ਹੋਰ ਹਸਪਤਾਲਾਂ ਵਿੱਚ ਵੀ OPD ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਇਸ ਦੇ ਨਾਲ ਹੀ ਸਾਰੇ ਕਾਲਜ, ਸੰਸਥਾਵਾਂ, ਉਦਯੋਗਿਕ ਇਕਾਈਆਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ।

Advertisement