ਰਿਕਾਰਡ ਤੋੜ ਗਰਮੀ ਤੋਂ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਬੂੰਦਾ-ਬਾਦੀ ਹੋਈ ਹੈ। ਇਸ ਨਾਲ ਪਾਰਾ ਹੇਠਾਂ ਆਇਆ ਹੈ। ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ ਜਿਸ ਦਾ ਪੰਜਾਬ ਵਿੱਚ ਵੀ ਅਸਰ ਵੇਖਣ ਨੂੰ ਮਿਲੇਗਾ। ਇਸ ਨਾਲ 1 ਤੇ 2 ਜੂਨ ਨੂੰ ਬਾਰਸ਼ ਹੋ ਸਕਦੀ ਹੈ।
ਦਸ ਦੇਈਏ ਕਿ ਬੀਤੀ ਰਾਤ ਪਟਿਆਲਾ, ਮੋਗਾ ਤੇ ਆਸਪਾਸ ਦੇ ਇਲਾਕਿਆਂ ਵਿੱਚ ਹਲਕੀ ਬਾਰਸ਼ ਹੋਈ ਹੈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਜਾਰੀ ਰੈੱਡ ਅਲਰਟ ਨੂੰ ਹੁਣ ਔਰੇਂਜ ਵਿੱਚ ਬਦਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 1 ਜੂਨ ਨੂੰ ਯੈਲੋ ਅਲਰਟ ਤੇ 2 ਜੂਨ ਨੂੰ ਆਮ ਦਿਨ ਐਲਾਨਿਆ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 2 ਤੋਂ 3 ਦਿਨਾਂ ਵਿੱਚ ਤਾਪਮਾਨ ਵਿੱਚ 1 ਤੋਂ 4 ਡਿਗਰੀ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਉੱਤਰੀ ਭਾਰਤ ਵਿੱਚ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਹੀ ਹੈ। ਇਸ ਕਾਰਨ 31 ਮਈ ਤੋਂ ਪੰਜਾਬ ਦੇ ਕੁਝ ਇਲਾਕਿਆਂ ‘ਚ ਬੱਦਲ ਛਾਏ ਰਹਿਣ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਪੰਜਾਬ ਦੇ ਤਾਪਮਾਨ ‘ਚ ਮਾਮੂਲੀ ਗਿਰਾਵਟ ਆਵੇਗੀ, ਜਿਸ ਨਾਲ ਕੁਝ ਸਮੇਂ ਲਈ ਗਰਮੀ ਤੋਂ ਰਾਹਤ ਮਿਲੇਗੀ।