ਆਪ ਦੀ ਹਾਰ ਤੋਂ ਬਾਅਦ ਦਿੱਲੀ ‘ਚ ਹਲਚਲ ! ਸੱਦ ਲਈ ਮੀਟਿੰਗ

ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਵੱਡਾ ਝਟਕਾ ਲੱਗਾ ਹੈ। ਉਮੀਦਾਂ ਦੇ ਉਲਟ ਆਪ ਤੇ ਗਠਜੋੜ ਦੀ ਭਾਈਵਾਲ ਕਾਂਗਰਸ ਨੂੰ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ‘ਤੇ ਹਾਰ ਦਾ ਸਾਹਮਣਾ ਕਰਨਾ ਪਿਆ। ਲੋਕ ਸਭਾ ਨਤੀਜਿਆਂ ‘ਚ ਨਿਰਾਸ਼ਾ ਤੋਂ ਬਾਅਦ ‘ਆਪ’ ‘ਚ ਹਲਚਲ ਤੇਜ਼ ਹੋ ਗਈ ਹੈ। ਦਿੱਲੀ ਦੇ ਸਾਰੇ ਵਿਧਾਇਕਾਂ ਅਤੇ ਪ੍ਰਮੁੱਖ ਨੇਤਾਵਾਂ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਬੁਲਾਇਆ ਗਿਆ ਹੈ।

ਇਹ ਅਹਿਮ ਮੀਟਿੰਗ ਵੀਰਵਾਰ ਸ਼ਾਮ 5 ਵਜੇ ਮੁੱਖ ਮੰਤਰੀ ਨਿਵਾਸ ‘ਤੇ ਹੋਣ ਜਾ ਰਹੀ ਹੈ। ਪਾਰਟੀ ਨੇ ਇਹ ਮੀਟਿੰਗ ਚੋਣ ਨਤੀਜਿਆਂ ਤੋਂ ਬਾਅਦ ਬੁਲਾਈ ਹੈ। ਇਸ ਮੀਟਿੰਗ ਵਿੱਚ ਵਿਧਾਇਕਾਂ ਤੋਂ ਇਲਾਵਾ ਪਾਰਟੀ ਦੇ ਸਾਰੇ ਵੱਡੇ ਆਗੂ ਹਾਜ਼ਰ ਰਹਿਣਗੇ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਬੈਠਕ ਕਿਸ ਮਕਸਦ ਲਈ ਬੁਲਾਈ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੀ ਪਤਨੀ ਸੁਨੀਤਾ ਕੇਜਰੀਵਾਲ ਮੀਟਿੰਗ ਦੀ ਪ੍ਰਧਾਨਗੀ ਕਰ ਸਕਦੀ ਹੈ। ਇੱਕ ਦਿਨ ਪਹਿਲਾਂ ਹੀ ਉਹ ਤਿਹਾੜ ਜੇਲ੍ਹ ਗਏ ਸਨ ਅਤੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਮਿਲੇ ਸਨ। ਮੰਨਿਆ ਜਾ ਰਿਹਾ ਹੈ ਕਿ ਸੀਐਮ ਤੋਂ ਮਿਲੇ ਨਿਰਦੇਸ਼ਾਂ ਨੂੰ ਸੁਨੀਤਾ ਕੇਜਰੀਵਾਲ ਵਿਧਾਇਕਾਂ ਤੇ ਨੇਤਾਵਾਂ ਦੇ ਸਾਹਮਣੇ ਪੇਸ਼ ਕਰ ਸਕਦੀ ਹੈ। ਦਿੱਲੀ ‘ਚ ਕੁਝ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ ‘ਚ ਵਿਧਾਇਕਾਂ ਨੂੰ ਸਰਗਰਮੀ ਨਾਲ ਤਿਆਰੀ ਕਰਨ ਲਈ ਕਿਹਾ ਜਾ ਸਕਦਾ ਹੈ।

Advertisement