ਪੰਜਾਬ ਨੂੰ ਗਰਮੀ ਤੋਂ ਰਾਹਤ ਨਹੀਂ, 12 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ

ਪੰਜਾਬ ਵਿਚ ਆਉਣ ਵਾਲੇ 4 ਦਿਨਾਂ ਵਿਚ ਤੇਜ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਨੇ ਅੱਜ 12 ਜ਼ਿਲ੍ਹਿਆਂ ਲਈ ਲੂ ਦਾ ਯੈਲੋ ਤੇ 8 ਜ਼ਿਲ੍ਹਿਆਂ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਦੂਜੇ ਪਾਸੇ ਪਿਛਲੇ 24 ਘੰਟਿਆਂ ਵਿਚ ਤਾਪਮਾਨ ਵਿਚ 1.0 ਡਿਗਰੀ ਦਾ ਵਾਧਾ ਹੋਇਆ ਹੈ। ਤਾਪਮਾਨ ਦੇ ਅੱਜ ਹੋਰ ਵਧਣ ਦੇ ਆਸਾਰ ਹਨ। ਸੂਬੇ ਦੇ ਸਾਰੇ ਜ਼ਿਲ੍ਹਿਆਂ ਦਾ ਅਧਿਕਤਮ ਤਾਪਮਾਨ ਹੁਣ 40 ਪਾਰ ਕਰ ਗਿਆ ਹੈ।

ਪਠਾਨਕੋਟ ਸਭ ਤੋਂ ਵੱਧ ਗਰਮ ਰਿਹਾ ਹੈ ਜਿਥੇ ਤਾਪਮਾਨ 46.9 ਡਿਗਰੀ ਦਰਜ ਕੀਤਾ ਗਿਆ ਹੈ।ਇਸ ਦੇ ਬਾਅਦ ਬਠਿੰਡਾ 45.9 ਤੇ ਅੰਮ੍ਰਿਤਸਰ ਵਿਚ 45.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਲੁਧਿਆਣਾ ਵਿਚ 44.3, ਪਟਿਆਲਾ 44.5, ਫਰੀਦਕੋਟ 43.0, ਗੁਰਦਾਸਪੁਰ 44.0, ਫਤਿਹਗੜ੍ਹ ਸਾਹਿਬ 43.0, ਫਿਰੋਜ਼ਪੁਰ 43.6, ਮੋਹਾਲੀ 43.2, ਰੋਪੜ 42.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਇਸ ਮੌਸਮ ਹੀਟ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ। ਅਜਿਹੇ ਵਿਚ ਜਿੰਨਾ ਸੰਭਵ ਹੋ ਸਕੇ ਘਰ ਦੇ ਅੰਦਰ ਹੀ ਰਹੋ।

ਮੌਸਮ ਵਿਭਾਗ ਵੱਲੋਂ ਲੂ ਦਾ ਯੈਲੋ ਅਲਰਟ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ,ਫਿਰੋਜ਼ਪੁਰ, ਮੋਗਾ, ਪਟਿਆਲਾ, ਮੋਹਾਲੀ, ਮਾਲੇਰਕੋਟਲਾ ਤੇ ਫਤਿਹਗੜ੍ਹ ਲਈ ਜਾਰੀ ਕੀਤਾ ਗਿਆ ਹੈ ਜਦੋਂ ਕਿ ਆਰੇਂਜ ਅਲਰਟ ਸੰਗਰੂਰ, ਮਾਨਸਾ, ਬਰਨਾਲਾ, ਲੁਧਿਆਣਾ, ਬਠਿੰਡਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ ਲਈ ਜਾਰੀ ਕੀਤਾ ਗਿਆ ਹੈ। 13 ਜੂਨ ਨੂੰ ਲਗਭਗ ਇਸੇ ਤਰ੍ਹਾਂ ਦਾ ਮੌਸਮ ਰਹੇਗਾ।

Advertisement