ਇਸ ਤਾਰੀਕ ਨੂੰ ਅੰਮ੍ਰਿਤਪਾਲ ਸਿੰਘ ਚੁੱਕਣਗੇ ਸਹੁੰ, ਪੜ੍ਹੋ ਪੂਰੀ ਖ਼ਬਰ

18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਦੀ ਸ਼ੁਰੂਆਤ 540 ਸੰਸਦ ਮੈਂਬਰਾਂ ਨੂੰ ਸਹੁੰ ਚੁਕਾਉਣ ਨਾਲ ਹੋ ਰਹੀ ਹੈ। ਪੰਜਾਬ ਦੇ ਸੰਸਦ ਮੈਂਬਰਾਂ ਨੂੰ 25 ਜੂਨ ਨੂੰ ਸਹੁੰ ਚੁੱਕਣ ਦਾ ਸਮਾਂ ਦਿੱਤਾ ਗਿਆ ਹੈ। ਇਸ ਵਿੱਚ ਡਿਬਰੂਗੜ੍ਹ ਜੇਲ੍ਹ ਵਿੱਚੋਂ ਚੋਣ ਲੜਨ ਤੇ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ ਸਮੇਤ ਸਾਰੇ 13 ਸੰਸਦ ਮੈਂਬਰਾਂ ਦੇ ਨਾਮ ਹਨ ਪਰ ਸਵਾਲ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਸੰਸਦ ਵਿੱਚ ਕਿਵੇਂ ਪਹੁੰਚ ਸਕਣਗੇ ਜਾਂ ਫਿਰ ਕਿਵੇਂ ਸਹੁੰ ਚੁੱਕ ਸਕਣਗੇ।

ਅੰਮ੍ਰਿਤਪਾਲ ਸਿੰਘ ਦੀ ਗੱਲ ਕਰੀਏ ਤਾਂ ਉਹ ਮਾਰਚ 2023 ਤੋਂ ਐਨਐਸਏ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਯਾਦ ਰਹੇ NSA ਇੱਕ ਸਖਤ ਕਾਨੂੰਨ ਹੈ ਜੋ ਸਰਕਾਰ ਨੂੰ ਰਸਮੀ ਦੋਸ਼ਾਂ ਤੋਂ ਬਿਨਾਂ ਹੀ ਵਿਅਕਤੀਆਂ ਨੂੰ 12 ਮਹੀਨਿਆਂ ਤੱਕ ਨਜ਼ਰਬੰਦ ਕਰਨ ਦੀ ਇਜਾਜ਼ਤ ਦਿੰਦਾ ਹੈ ਪਰ ਹੁਣ ਅੰਮ੍ਰਿਤਪਾਲ ਸਿੰਘ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਤੇ ਸਰਕਾਰ ਦੂਜੀ ਵਾਰ ਐਨਐਸਏ ਵਿੱਚ ਵਾਧਾ ਕਰ ਚੁੱਕੀ ਹੈ।

ਕਾਨੂੰਨ ਮੁਤਾਬਕ ਵੇਖਿਆ ਜਾਏ ਤਾਂ ਸੰਸਦ ਦਫ਼ਤਰ ਵੱਲੋਂ ਭੇਜੀ ਗਈ 25 ਜੂਨ ਦੀ ਸਮਾਂ ਸੀਮਾ ਦੇ ਅੰਦਰ ਅੰਮ੍ਰਿਤਪਾਲ ਸਿੰਘ ਨਾ ਤਾਂ ਜੇਲ੍ਹ ਤੋਂ ਬਾਹਰ ਆ ਸਕਣਗੇ ਤੇ ਨਾ ਹੀ ਸਹੁੰ ਚੁੱਕ ਸਕਣਗੇ। ਕਾਨੂੰਨੀ ਮਾਹਿਰਾਂ ਅਨੁਸਾਰ ਹਰ ਨਵੇਂ ਚੁਣੇ ਸੰਸਦ ਮੈਂਬਰ ਨੂੰ ਸੰਸਦ ਦਫ਼ਤਰ ਵੱਲੋਂ ਸਹੁੰ ਚੁੱਕਣ ਦਾ ਸਮਾਂ ਦਿੱਤਾ ਜਾਂਦਾ ਹੈ। ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ 25 ਜੂਨ ਦਾ ਸਮਾਂ ਦਿੱਤਾ ਗਿਆ ਹੈ।  ਸੰਸਦ ਦਫ਼ਤਰ ਵੱਲੋਂ ਸਾਰੇ ਸੰਸਦ ਮੈਂਬਰਾਂ ਨੂੰ ਫ਼ੋਨ ‘ਤੇ ਸਮੇਂ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ, ਜੋ ਅੰਮ੍ਰਿਤਪਾਲ ਸਿੰਘ ਵੱਲੋਂ ਦਰਜ ਕੀਤੇ ਫ਼ੋਨ ਨੰਬਰ ‘ਤੇ ਵੀ ਦਿੱਤੀ ਗਈ। ਸੂਤਰਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਐਨਐਸਏ ਤਹਿਤ ਜੇਲ੍ਹ ਵਿੱਚ ਬੰਦ ਹਨ ਜਿਸ ਕਰਕੇ ਉਹ ਸਹੁੰ ਚੁੱਕਣ ਲਈ ਜੇਲ੍ਹ ਤੋਂ ਨਹੀਂ ਆ ਸਕਣਗੇ।

Advertisement