ਗੋਲਗੱਪੇ ਖਾਣ ਜਾ ਰਹੇ ਮਾਂ-ਪੁੱਤ ਆਏ ਰੇਲਗੱਡੀ ਦੀ ਲਪੇਟ ਵਿੱਚ, ਪੁੱਤਰ ਦੀ ਮੌ.ਤ

ਪੰਜਾਬ ਦੇ ਖੰਨਾ ਵਿੱਚ ਕੱਲ੍ਹ ਸ਼ਾਮ ਇੱਕ ਦਰਦਨਾਕ ਹਾਦਸਾ ਵਾਪਰਿਆ। ਖੰਨਾ ‘ਚ ਰੇਲਵੇ ਲਾਈਨ ਪਾਰ ਕਰਕੇ ਗੋਲਗੱਪਾ ਖਾਣ ਜਾ ਰਹੇ ਮਾਂ-ਪੁੱਤ ਦੀ ਰੇਲ ਗੱਡੀ ਦੀ ਲਪੇਟ ‘ਚ ਆਉਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਮਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਹਾਦਸਾ ਲਲਹੇੜੀ ਰੋਡ ਰੇਲਵੇ ਫਲਾਈਓਵਰ ਨੇੜੇ ਵਾਪਰਿਆ। ਮ੍ਰਿਤਕ ਦੀ ਪਛਾਣ ਕਰਨ ਵਾਸੀ ਨੰਦੀ ਕਲੋਨੀ ਖੰਨਾ ਵਜੋਂ ਹੋਈ ਹੈ, ਜਦਕਿ ਗੰਭੀਰ ਜ਼ਖ਼ਮੀ ਮਾਂ ਦੀ ਪਛਾਣ ਕੁਲਵਿੰਦਰ ਕੌਰ ਪਤਨੀ ਰਣਜੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।

ਦਸਿਆ ਜਾ ਰਿਹਾ ਹੈ ਕਿ ਕੁਲਵਿੰਦਰ ਕੌਰ ਬੀਤੀ ਰਾਤ ਆਪਣੇ ਬੇਟੇ ਨਾਲ ਬਲੱਡ ਸੈਂਪਲ ਦੇਣ ਲਈ ਇਕ ਨਿੱਜੀ ਹਸਪਤਾਲ ਆਈ ਸੀ। ਸੈਂਪਲ ਦੀ ਰਿਪੋਰਟ ਸਬੰਧੀ ਜਦੋਂ ਹਸਪਤਾਲ ਦੇ ਸਟਾਫ਼ ਨੇ ਉਨ੍ਹਾਂ ਨੂੰ ਕੁਝ ਸਮੇਂ ਬਾਅਦ ਆਉਣ ਲਈ ਕਿਹਾ ਤਾਂ ਮਾਂ-ਪੁੱਤ ਨੇੜਲੀ ਰੇਲਵੇ ਲਾਈਨ ਪਾਰ ਕਰਕੇ ਗੋਲਗੱਪਾ ਖਾਣ ਲਈ ਨਿਕਲ ਗਏ। ਜਿਵੇਂ ਹੀ ਮਾਂ-ਪੁੱਤ ਰੇਲਵੇ ਲਾਈਨ ਪਾਰ ਕਰਨ ਲੱਗੇ ਤਾਂ ਦੋਵਾਂ ਨੂੰ ਦਿੱਲੀ ਤੋਂ ਲੁਧਿਆਣਾ ਵੱਲ ਜਾ ਰਹੀ ਤੇਜ਼ ਰਫ਼ਤਾਰ ਰੇਲਗੱਡੀ ਨੇ ਫੇਟ ਮਾਰ ਦਿੱਤੀ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਮਾਂ-ਪੁੱਤ ਦੋਵੇਂ ਕਾਫੀ ਦੂਰ ਜਾ ਡਿੱਗੇ। ਇਸ ਹਾਦਸੇ ‘ਚ ਬੇਟੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਮਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਦੋਵਾਂ ਨੂੰ ਤੁਰੰਤ ਸਿਵਲ ਹਸਪਤਾਲ ਖੰਨਾ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਲੜਕੇ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਔਰਤ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।

Advertisement