Canada ਨੇ 400 ਤੋਂ ਵੱਧ ਉਡਾਣਾਂ ਕੀਤੀਆਂ ਰੱਦ, ਵਜ੍ਹਾ ਜਾਣ ਕੇ ਉੱਡ ਜਾਣਗੇ ਹੋਸ਼

ਕੈਨੇਡਾ ਵਿੱਚ 400 ਤੋਂ ਵੱਧ ਉਡਾਣਾਂ ਰੱਦ ਹੋਣ ਕਰਕੇ 50 ਹਜ਼ਾਰ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਫਿਲਹਾਲ ਇੱਥੇ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਰੱਦ ਕੀਤੀਆਂ ਗਈਆਂ ਹਨ, ਜਿਸ ਦਾ ਕਾਰਨ ਹੜਤਾਲ ਦੱਸਿਆ ਜਾ ਰਿਹਾ ਹੈ। ਵੈਸਟਜੈੱਟ ਕੰਪਨੀ ਨੇ ਇਕ ਬਿਆਨ ‘ਚ ਕਿਹਾ ਕਿ ਮੇਨਟੇਨੈਂਸ ਵਰਕਰ ਯੂਨੀਅਨ ਦੇ ਹੜਤਾਲ ‘ਤੇ ਜਾਣ ਕਰਕੇ ਇਹ ਸਮੱਸਿਆ ਪੈਦਾ ਹੋਈ ਹੈ। ਵੈਸਟਜੈੱਟ ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨਜ਼ ਵਿੱਚੋਂ ਇੱਕ ਹੈ। ਕੰਪਨੀ ਨੇ ਕਿਹਾ ਕਿ ਹੜਤਾਲ ਕਰਕੇ 407 ਉਡਾਣਾਂ ਨੂੰ ਰੱਦ ਕਰਨਾ ਪਿਆ ਹੈ। ਇਸ ਨਾਲ ਦੇਸ਼ ਵਿੱਚ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਵਿੱਚ 49,000 ਤੋਂ ਵੱਧ ਲੋਕਾਂ ਦੀ ਯਾਤਰਾ ਪ੍ਰਭਾਵਿਤ ਹੋਈ ਹੈ।

ਦਸ ਦੇਈਏ ਕਿ ਏਅਰਕ੍ਰਾਫਟ ਮਕੈਨਿਕਸ ਫ੍ਰੇਟਰਨਲ ਐਸੋਸੀਏਸ਼ਨ ਨੇ ਕਿਹਾ ਕਿ ਇਸ ਦੇ ਮੈਂਬਰਾਂ ਨੇ ਸ਼ੁੱਕਰਵਾਰ ਸ਼ਾਮ ਨੂੰ ਹੜਤਾਲ ਸ਼ੁਰੂ ਕੀਤੀ ਸੀ। ਵੈਸਟਜੈੱਟ ਦੇ ਪ੍ਰਧਾਨ ਡਿਡੇਰਿਕ ਪੇਨ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਦਖਲਅੰਦਾਜ਼ੀ ਦਾ ਜਵਾਬ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਇੱਕ ਸਥਿਰ ਨੈੱਟਵਰਕ ਬਣਾਉਣ ਲਈ ਚੌਵੀ ਘੰਟੇ ਕੰਮ ਕਰ ਰਹੀ ਹੈ। ਉੱਥੇ ਹੀ ਏਅਰਲਾਈਨ ਦੇ ਸੀਈਓ ਅਲੈਕਸਿਸ ਵੌਨ ਹੋਨਸਬਰਚ ਨੇ ਇਸ ਸਥਿਤੀ ਲਈ ਸਿੱਧੇ ਤੌਰ ‘ਤੇ ਇੱਕ ਅਮਰੀਕੀ ਸੰਘ ਨੂੰ ਜ਼ਿੰਮੇਵਾਰ ਠਹਿਰਾਇਆ, ਜੋ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਵੌਨ ਨੇ ਕਿਹਾ ਕਿ ਸਰਕਾਰ ਦੀ ਵਿਚੋਲਗੀ ਤੋਂ ਬਾਅਦ ਯੂਨੀਅਨ ਨਾਲ ਸਮਝੌਤਾ ਹੋਇਆ ਸੀ ਪਰ ਫਿਰ ਵੀ ਸਥਿਤੀ ਬਦਲ ਗਈ ਹੈ।

ਦਰਅਸਲ ਸਰਕਾਰ ਨੇ ਵਿਚੋਲਗੀ ਦਾ ਆਦੇਸ਼ ਜਾਰੀ ਕੀਤਾ ਸੀ। ਇਸ ਤੋਂ ਬਾਅਦ ਅਚਾਨਕ ਹੜਤਾਲ ਦੇ ਐਲਾਨ ਕਰਕੇ ਕੌਮਾਂਤਰੀ ਅਤੇ ਘਰੇਲੂ ਉਡਾਣਾਂ ਪ੍ਰਭਾਵਿਤ ਹੋਣੀਆਂ ਸ਼ੁਰੂ ਹੋ ਗਈਆਂ। ਵੈਸਟਜੈੱਟ ਨੇ ਕਿਹਾ ਕਿ ਉਹ ਸੋਮਵਾਰ ਨੂੰ ਕੈਨੇਡਾ ਡੇਅ ਦੇ ਖਤਮ ਹੋਣ ਵਾਲੇ ਲੰਬੇ ਵੀਕੈਂਡ ਦੇ ਲਈ ਜਹਾਜ਼ਾਂ ਨੂੰ ਪਾਰਕ ਕਰਨਾ ਜਾਰੀ ਰੱਖੇਗਾ। ਏਅਰਲਾਈਨ ਕੋਲ ਲਗਭਗ 200 ਜਹਾਜ਼ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਐਤਵਾਰ ਸ਼ਾਮ ਤੱਕ ਲਗਭਗ 30 ਜਹਾਜ਼ਾਂ ਦਾ ਸੰਚਾਲਨ ਕਰਨਗੇ।

Advertisement