PM ਮੋਦੀ ਨੇ ਟਰੰਪ ਤੇ ਹੋਏ ਹਮਲੇ ਤੇ ਜਤਾਈ ਚਿੰਤਾ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਚੋਣ ਰੈਲੀ ਦੌਰਾਨ ਹੋਏ ਹਮਲੇ ‘ਤੇ ਦੁਨੀਆ ਭਰ ਦੇ ਦੇਸ਼ਾਂ ਦੇ ਮੁਖੀਆਂ ਨੇ ਚਿੰਤਾ ਪ੍ਰਗਟਾਈ ਹੈ।  ਇਨ੍ਹਾਂ ‘ਚੋਂ ਇਕ ਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਸਵੇਰੇ ਐਕਸ (ਪਹਿਲਾ ਟਵਿੱਟਰ ) ‘ਤੇ ਪੋਸਟ ਕੀਤਾ ਕਿ ਉਹ ਆਪਣੇ ‘ਦੋਸਤ’ ਡੋਨਾਲਡ ਟਰੰਪ ‘ਤੇ ਹੋਏ ਹਮਲੇ ਨੂੰ ਲੈ ਕੇ ਬਹੁਤ ਚਿੰਤਤ ਹਨ। ਉਨ੍ਹਾਂ ਇਸ ਘਟਨਾ ਦੀ ਨਿੰਦਾ ਵੀ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ‘ਤੇ ਲਿਖਿਆ, ” ਦੋਸਤ ਡੋਨਾਲਡ ਟਰੰਪ ‘ਤੇ ਹੋਏ ਹਮਲੇ ਤੋਂ ਬਹੁਤ ਚਿੰਤਤ ਹਾਂ। ਮੈਂ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਾ ਹਾਂ। ਰਾਜਨੀਤੀ ਅਤੇ ਲੋਕਤੰਤਰ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ। ਮੈਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।” ਪ੍ਰਧਾਨ ਮੰਤਰੀ ਨੇ ਇਸ ਘਟਨਾ ਵਿੱਚ ਮਾਰੇ ਗਏ ਅਤੇ ਜ਼ਖਮੀਆਂ ਦੇ ਪਰਿਵਾਰਾਂ ਪ੍ਰਤੀ ਵੀ ਹਮਦਰਦੀ ਪ੍ਰਗਟ ਕੀਤੀ ਹੈ। PM ਨੇ ਕਿਹਾ “ਅਮਰੀਕੀ ਲੋਕਾਂ ਲਈ ਸਾਡੀਆਂ ਪ੍ਰਾਰਥਨਾਵਾਂ ਹਨ”।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਆਉਣ ਵਾਲੀਆਂ ਚੋਣਾਂ ‘ਚ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ‘ਤੇ ਸ਼ਨੀਵਾਰ ਨੂੰ ਇਕ ਰੈਲੀ ਦੌਰਾਨ ਹਮਲਾ ਕੀਤਾ ਗਿਆ। ਦੱਸਿਆ ਗਿਆ ਹੈ ਕਿ ਇਕ ਸ਼ੂਟਰ ਨੇ ਟਰੰਪ ‘ਤੇ ਕਾਫੀ ਉੱਚੀ ਥਾਂ ਤੋਂ ਗੋਲੀਬਾਰੀ ਕੀਤੀ। ਘਟਨਾ ਦੀ ਜੋ ਵੀਡੀਓ ਸਾਹਮਣੇ ਆਈ ਹੈ, ਉਸ ‘ਚ ਟਰੰਪ ਦੇ ਕੰਨ ‘ਚੋਂ ਖੂਨ ਨਿਕਲਦਾ ਦੇਖਿਆ ਜਾ ਸਕਦਾ ਹੈ।  ਗੋਲੀਬਾਰੀ ਤੋਂ ਬਾਅਦ ਹਫੜਾ-ਦਫੜੀ ਦਰਮਿਆਨ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਨੇਤਾ ਡੋਨਾਲਡ ਟਰੰਪ ਨੂੰ ਕਾਫਲੇ ‘ਚ ਲਿਜਾਇਆ ਗਿਆ। ਇਸ ਘਟਨਾ ਤੋਂ ਬਾਅਦ ਟਰੰਪ ਖਤਰੇ ਤੋਂ ਬਾਹਰ ਹਨ।

ਸੀਕਰੇਟ ਸਰਵਿਸ ਦੇ ਬੁਲਾਰੇ ਐਂਥਨੀ ਗੁਗਲਿਲਮੀ ਨੇ ਕਿਹਾ ਕਿ ਪੈਨਸਿਲਵੇਨੀਆ ‘ਚ 78 ਸਾਲਾ ਟਰੰਪ ਦੀ ਰੈਲੀ ‘ਚ ਸੁਰੱਖਿਆ ਕਰਮੀਆਂ ਨੇ ਗੋਲੀ ਚਲਾਉਣ ਵਾਲੇ ਨੂੰ ਮਾਰ ਦਿੱਤਾ। ਜਦੋਂ ਸੀਕ੍ਰੇਟ ਸਰਵਿਸ ਦੇ ਕਰਮਚਾਰੀ ਟਰੰਪ ਨੂੰ ਸਟੇਜ ਤੋਂ ਸੁਰੱਖਿਅਤ ਸਥਾਨ ‘ਤੇ ਲਿਜਾ ਰਹੇ ਸਨ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਦੇ ਸਮਰਥਨ ‘ਚ ਨਾਅਰੇਬਾਜ਼ੀ ਕੀਤੀ। ਟਰੰਪ ਨੂੰ ਹਵਾ ਵਿਚ ਮੁੱਠੀ ਨਾਲ ਕੁਝ ਕਹਿੰਦੇ ਹੋਏ ਦੇਖਿਆ ਗਿਆ। ਇਸ ਘਟਨਾ ਦੀ ਚਾਰੇ ਪਾਸੇ ਨਿੰਦਾ ਹੋ ਰਹੀ ਹੈ। ਬਾਇਡੇਨ, ਕਮਲਾ ਹੈਰਿਸ, ਸਾਬਕਾ ਰਾਸ਼ਟਰਪਤੀ ਓਬਾਮਾ ਨੇ  ਕਿਹਾ ਹੈ ਕਿ ਅਮਰੀਕੀ ਸਮਾਜ ਵਿੱਚ ਹਿੰਸਾ ਦੀ ਕੋਈ ਥਾਂ ਨਹੀਂ ਹੈ।

Advertisement