ਹਰਿਆਣਾ ਪੁਲਿਸ ਨੇ ਨਹੀਂ ਖੋਲ੍ਹਿਆ ਸ਼ੰਭੂ ਬਾਰਡਰ, ਨਹੀਂ ਮੰਨਿਆ ਹਾਈਕੋਰਟ ਦਾ ਕਹਿਣਾ

ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ‘ਤੇ ਹਰਿਆਣਾ ਪੁਲਿਸ ਵੱਲੋਂ ਲਗਾਈ ਬੈਰੀਕੇਡਿੰਗ ਹਟਾਉਣ ਦਾ ਅੱਜ ਆਖਰੀ ਦਿਨ ਹੈ। ਹਾਲਾਂਕਿ 10 ਜੁਲਾਈ ਨੂੰ  7 ਦਿਨਾਂ ਦੇ ਅੰਦਰ ਬਾਰਡਰ ਖੋਲ੍ਹਣ ਦੇ ਹੁਕਮ ਦਿੱਤੇ ਸਨ। ਫਿਲਹਾਲ ਸ਼ੰਭੂ ਸਰਹੱਦ ‘ਤੇ ਕੀਤੀ ਗਈ  8 ਲੇਅਰ ਬੈਰੀਕੇਡਿੰਗ ਨੂੰ ਨਹੀਂ ਹਟਾਇਆ ਜਾਵੇਗਾ। ਕਿਉਂਕਿ ਹਰਿਆਣਾ ਸਰਕਾਰ ਨੇ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੋਈ ਹੈ। ਇਸ ਲਈ ਹਰਿਆਣਾ ਸਰਕਾਰ ਸੁਪਰੀਮ ਕੋਰਟ ਦੇ ਫੈਸਲੇ ਦੀ ਉਡੀਕ ਕਰ ਰਹੀ ਹੈ।  ।

ਕਿਸਾਨ ਆਗੂਆਂ ਨੇ ਅੱਜ ਚੰਡੀਗੜ੍ਹ ਵਿੱਚ ਮੀਟਿੰਗ ਸੱਦ ਲਈ ਹੈ। ਇਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਅਗਲੀ ਰਣਨੀਤੀ  ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਵਿੱਚ ਉਹ ਦਿੱਲੀ ਮਾਰਚ ਨੂੰ ਲੈ ਕੇ ਕੋਈ ਐਲਾਨ ਕਰ ਸਕਦੇ ਹਨ। ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਕਿਸਾਨਾਂ ਦੇ ਜਥੇ ਅੰਬਾਲਾ ਨੇੜੇ ਜੀਂਦ ਅਤੇ ਸ਼ੰਭੂ ਬਾਰਡਰ ਨੇੜੇ ਖਨੌਰੀ ਬਾਰਡਰ ਪੁੱਜਣਗੇ। ਇਨ੍ਹਾਂ ਟਰੈਕਟਰ-ਟਰਾਲੀਆਂ ਵਿੱਚ 6 ਮਹੀਨਿਆਂ ਦਾ ਰਾਸ਼ਨ ਹੈ। ਜਦੋਂਕਿ ਹਰਿਆਣਾ ਦੇ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਟਰੈਕਟਰ-ਟਰਾਲੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ।

ਸੋਮਵਾਰ ਨੂੰ ਸ਼ੰਭੂ ਬਾਰਡਰ ਪਹੁੰਚੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨ ਆਗੂ ਨਵਦੀਪ ਦੀ ਰਿਹਾਈ ਦੀ ਮੰਗ ਲਈ 17 ਅਤੇ 18 ਜੁਲਾਈ ਨੂੰ ਅੰਬਾਲਾ ਦੇ ਐਸਪੀ ਦਫ਼ਤਰ ਦਾ ਘਿਰਾਓ ਕਰਨ ਤੋਂ ਬਾਅਦ 22 ਨੂੰ ਨਵੀਂ ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ ਵਿਖੇ ਵਿਸ਼ਾਲ ਕਨਵੈਨਸ਼ਨ ਕੀਤੀ ਜਾਵੇਗੀ। ਦੇਸ਼ ਭਰ ਦੇ ਬੁੱਧੀਜੀਵੀਆਂ ਤੋਂ ਇਲਾਵਾ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਵੀ ਸੱਦਾ ਦਿੱਤਾ ਜਾਵੇਗਾ।

ਦੂਜੇ ਪਾਸੇ ਸਰਕਾਰ ਅਤੇ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ ਘਿਰਾਓ, ਮੀਟਿੰਗ ਅਤੇ ਰੈਲੀ ਵਿੱਚ ਸ਼ਾਮਲ ਹੋਣ ਵਾਲਿਆਂ ਦੇ ਪਾਸਪੋਰਟ ਰੱਦ ਕਰਨ ਦੀ ਕਾਰਵਾਈ ਪੁਲੀਸ ਕਰੇਗੀ। ਨਾਲ ਹੀ, ਧਾਰਾ 144 (ਨਵੇਂ ਕਾਨੂੰਨ ਦੇ ਤਹਿਤ 163ਬੀ ਐਨਐਸਐਸ) ਲਾਗੂ ਕੀਤੀ ਗਈ ਹੈ। ਕਿਸਾਨ ਅੰਦੋਲਨ ਦੌਰਾਨ ਦਰਜ ਹੋਏ ਕੇਸਾਂ ਵਿੱਚ ਘਿਰਾਓ ਵਿੱਚ ਹਿੱਸਾ ਲੈਣ ਵਾਲਿਆਂ ਦੀਆਂ ਤਸਵੀਰਾਂ ਅਤੇ ਵੀਡੀਓ ਰਾਹੀਂ ਸ਼ਨਾਖਤ ਕਰਕੇ ਕੁਝ ਸ਼ਰਾਰਤੀ ਅਨਸਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਹਰਿਆਣਾ ਪੁਲਿਸ ਐਕਟ 2007 ਦੀ ਧਾਰਾ 69 ਤਹਿਤ ਪ੍ਰਦਰਸ਼ਨ ‘ਤੇ ਪਾਬੰਦੀ ਹੋਵੇਗੀ।

Advertisement