ਅੱਜ ਪੇਸ਼ ਹੋਵੇਗਾ ਮੋਦੀ ਸਰਕਾਰ 3.0 ਦਾ ਪਹਿਲਾ ਬਜਟ, ਜਾਣੋ ਕੀ ਰਹੇਗਾ ਖ਼ਾਸ

ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਟੈਬਲੇਟ ਲੈ ਕੇ ਆਪਣੀ ਟੀਮ ਸਮੇਤ ਸੰਸਦ ਪਹੁੰਚ ਗਏ ਹਨ। ਨਿਰਧਾਰਿਤ ਸਮੇਂ ਅਨੁਸਾਰ ਵਿੱਤ ਮੰਤਰੀ ਸਵੇਰੇ 11 ਵਜੇ ਸੰਸਦ ਵਿੱਚ ਬਜਟ ਪੇਸ਼ ਕਰਨਾ ਸ਼ੁਰੂ ਕਰਨਗੇ। ਕੇਂਦਰੀ ਬਜਟ 2024-25 ਵਿੱਤ ਮੰਤਰੀ ਵਜੋਂ ਨਿਰਮਲਾ ਸੀਤਾਰਮਨ ਦਾ 7ਵਾਂ ਬਜਟ ਹੋਵੇਗਾ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਭ ਤੋਂ ਪਹਿਲਾਂ ਮੰਤਰਾਲੇ ਪਹੁੰਚ ਕੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਉਹ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲਣ ਲਈ ਰਾਸ਼ਟਰਪਤੀ ਭਵਨ ਪਹੁੰਚੀ, ਜਿੱਥੇ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਦਹੀਂ ਅਤੇ ਚੀਨੀ ਖੁਆਈ। ਇਸ ਤੋਂ ਬਾਅਦ ਉਹ ਸੰਸਦ ਭਵਨ ਪਹੁੰਚੀ। ਵਿੱਤ ਮੰਤਰੀ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦਾ ਬਜਟ ਵੀ ਪੇਸ਼ ਕਰਨਗੇ।

ਇਸ ਬਜਟ ਤੋਂ ਖਾਸ ਕਰਕੇ ਮੱਧ ਵਰਗ, ਕਿਸਾਨਾਂ, ਮੁਲਾਜ਼ਮਾਂ ਅਤੇ ਮਹਿਲਾਵਾਂ ਨੂੰ ਵੱਡੀਆਂ ਉਮੀਦਾਂ ਹਨ। ਇਸ ਸਾਲ ਫਰਵਰੀ ‘ਚ ਪੇਸ਼ ਕੀਤਾ ਗਿਆ ਬਜਟ ਅੰਤਰਿਮ ਬਜਟ ਸੀ ਕਿਉਂਕਿ ਦੋ ਮਹੀਨੇ ਬਾਅਦ ਹੀ ਲੋਕ ਸਭਾ ਚੋਣਾਂ ਹੋਣੀਆਂ ਸਨ। ਇਹ ਬਜਟ ਮੋਦੀ ਸਰਕਾਰ ਦੇ 2047 ਤੱਕ ਵਿਕਸਤ ਭਾਰਤ ਬਣਾਉਣ ਦੇ ਟੀਚੇ ਦੀ ਵੀ ਝਲਕ ਦੇਵੇਗਾ। ਬਜਟ ਵਿੱਚ ਟੈਕਸ ਸਲੈਬ ਵਿੱਚ ਬਦਲਾਅ ਅਤੇ ਕਿਸਾਨ ਸਨਮਾਨ ਨਿਧੀ ਵਿੱਚ ਵਾਧਾ ਹੋ ਸਕਦਾ ਹੈ। ਇਸ ਤੋਂ ਇਲਾਵਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਲਈ ਇਨ੍ਹਾਂ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਂਦਾ ਜਾ ਸਕਦਾ ਹੈ।

Advertisement