ਮੌਸਮ ਵਿਭਾਗ ਵੱਲੋਂ ਅਗਲੇ 6 ਦਿਨ ਲਈ ਨੀਵੇਂ ਇਲਾਕਿਆਂ ਲਈ ਅਲਰਟ ਜਾਰੀ

ਭਾਰਤੀ ਮੌਸਮ ਵਿਭਾਗ ਨੇ ਆਉਣ ਵਾਲੇ ਕੁਝ ਦਿਨਾਂ ਲਈ ਕਈ ਰਾਜਾਂ ਵਿਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਇਧਰ, ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਨੇ ਇਕ ਵਾਰ ਫਿਰ ਰਫ਼ਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ। ਹਿਮਾਚਲ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪੈ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ 6 ਦਿਨਾਂ ਤੱਕ ਪੂਰੇ ਸੂਬੇ ਵਿਚ ਮੌਸਮ ਖ਼ਰਾਬ ਹੋਣ ਵਾਲਾ ਹੈ। 3 ਅਗਸਤ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਸ ਸਬੰਧੀ 9 ਜ਼ਿਲ੍ਹਿਆਂ ਵਿਚ ਅਲਰਟ ਜਾਰੀ ਕੀਤਾ ਗਿਆ ਹੈ। 

ਇਸ ਦਾ ਅਸਰ ਗੁਆਂਢੀ ਸੂਬਿਆਂ ਪੰਜਾਬ ਅਤੇ ਹਰਿਆਣਾ ਉਤੇ ਵੀ ਪਵੇਗਾ। ਹਰਿਆਣਾ ਅਤੇ ਪੰਜਾਬ ਵਿਚ ਵੀ 31 ਜੁਲਾਈ ਤੱਕ ਜ਼ਿਆਦਾਤਰ ਇਲਾਕਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। 30 ਜੁਲਾਈ ਨੂੰ ਆਈਐਮਡੀ ਨੇ ਹਿਮਾਚਲ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਜਦੋਂ ਕਿ 31 ਜੁਲਾਈ ਨੂੰ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।  ਇਸ ਤੋਂ ਬਾਅਦ 1 ਤੋਂ 3 ਅਗਸਤ ਤੱਕ ਮੁੜ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ 31 ਜੁਲਾਈ ਨੂੰ ਸਿਰਮੌਰ, ਕਾਂਗੜਾ, ਬਿਲਾਸਪੁਰ ਅਤੇ ਊਨਾ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਭਾਰੀ ਮੀਂਹ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਿਮਲਾ ਸਥਿਤ ਮੌਸਮ ਵਿਗਿਆਨ ਕੇਂਦਰ ਨੇ ਸੂਬੇ ਦੇ ਲੋਕਾਂ ਦੇ ਨਾਲ-ਨਾਲ ਸੈਲਾਨੀਆਂ ਨੂੰ ਵੀ ਸਾਵਧਾਨੀ ਵਰਤਣ ਲਈ ਕਿਹਾ ਹੈ। ਨਾਲ ਹੀ ਲੋਕਾਂ ਨੂੰ ਨਦੀਆਂ ਅਤੇ ਨਾਲਿਆਂ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿੱਚ 27 ਜੂਨ ਨੂੰ ਮਾਨਸੂਨ ਪਹੁੰਚ ਗਿਆ ਸੀ। ਮੌਸਮ ਵਿਭਾਗ ਮੁਤਾਬਕ ਹੁਣ ਤੱਕ ਮਾਨਸੂਨ ਦੀ ਬਾਰਿਸ਼ ਆਮ ਨਾਲੋਂ 33 ਫੀਸਦੀ ਘੱਟ ਹੋਈ ਹੈ।

Advertisement