ਬੰਬ ਹੋਣ ਦੀ ਸੂਚਨਾ ਮਿਲਣ ਤੇ ਫ਼ਿਰੋਜ਼ਪੁਰ ਚ ਰੋਕੀ ਗਈ ਜੰਮੂ-ਤਵੀ ਐਕਸਪ੍ਰੈਸ, ਚੈਕਿੰਗ ਜਾਰੀ

ਪੰਜਾਬ ਦੇ ਫ਼ਿਰੋਜ਼ਪੁਰ ‘ਚ ਮੰਗਲਵਾਰ ਸਵੇਰੇ ਬੰਬ ਹੋਣ ਦੀ ਸੂਚਨਾ ਤੋਂ ਬਾਅਦ ਜੰਮੂ ਤਵੀ ਤੋਂ ਅਹਿਮਦਾਬਾਦ ਜਾ ਰਹੀ ਐਕਸਪ੍ਰੈੱਸ ਟ੍ਰੇਨ ਨੂੰ ਰੋਕ ਦਿੱਤਾ ਗਿਆ ਹੈ। ਕਾਸੂ ਬੇਗੂ ਰੇਲਵੇ ਸਟੇਸ਼ਨ ‘ਤੇ ਟ੍ਰੇਨ ਦੀ ਤਲਾਸ਼ੀ ਲਈ ਜਾ ਰਹੀ ਹੈ। ਟ੍ਰੇਨ ‘ਚ ਸਵਾਰ ਸਾਰੇ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਰੇਲਵੇ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਵੱਲੋਂ ਜਾਰੀ ਬਿਆਨ ਅਨੁਸਾਰ ਜੰਮੂ ਤਵੀ ਭਗਤ ਕੀ ਕੋਠੀ ਐਕਸਪ੍ਰੈਸ ਵਿੱਚ ਸੁਰੱਖਿਆ ਸਬੰਧੀ ਸੂਚਨਾ ਮਿਲੀ ਸੀ। ਇਸ ਦੌਰਾਨ ਰੇਲ ਗੱਡੀ ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ ਫ਼ਿਰੋਜ਼ਪੁਰ-ਬਠਿੰਡਾ ਸੈਕਸ਼ਨ ‘ਤੇ ਫ਼ਰੀਦਕੋਟ ਰੇਲਵੇ ਸਟੇਸ਼ਨ ਵੱਲ ਰਵਾਨਾ ਹੋਈ ਸੀ। ਜਿਸ ਤੋਂ ਬਾਅਦ ਸਵੇਰੇ 7.42 ਵਜੇ ਰੇਲਗੱਡੀ ਨੂੰ ਕਾਸੂ ਬੇਗੂ ਰੇਲਵੇ ਸਟੇਸ਼ਨ ‘ਤੇ ਰੋਕ ਦਿੱਤਾ ਗਿਆ।

ਦਸਿਆ ਜਾ ਰਿਹਾ ਹੈ ਕਿ ਰੇਲਵੇ ਸਟੇਸ਼ਨ ਦੇ ਬਾਹਰ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਫ਼ਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ‘ਤੇ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਬੰਬ ਦੀ ਸੂਚਨਾ ਮਹਿਜ਼ ਅਫਵਾਹ ਹੈ। ਚੈਕਿੰਗ ਪੂਰੀ ਕਰ ਲਈ ਗਈ ਹੈ, ਟ੍ਰੇਨ ‘ਚੋਂ ਕੋਈ ਬੰਬ ਬਰਾਮਦ ਨਹੀਂ ਹੋਇਆ ਹੈ।

ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਕਾਸੂ ਬੇਗੂ ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਲਈ ਖਾਣ-ਪੀਣ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਰੇਲਵੇ ਅਧਿਕਾਰੀਆਂ ਨੇ ਗੁਰਦੁਆਰਾ ਜਾਮੁਨੀ ਸਾਹਿਬ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਯਾਤਰੀਆਂ ਲਈ ਪਾਣੀ, ਚਾਹ, ਬਿਸਕੁਟ ਅਤੇ ਬੱਚਿਆਂ ਲਈ ਦੁੱਧ ਦਾ ਪ੍ਰਬੰਧ ਕੀਤਾ। ਇਸ ਤੋਂ ਬਾਅਦ ਭੋਜਨ ਦਾ ਵੀ ਪ੍ਰਬੰਧ ਕੀਤਾ ਗਿਆ।

Advertisement