ਧੀਆਂ ਲਈ ਸ਼ਾਨਦਾਰ ਸਰਕਾਰੀ ਸਕੀਮ, ਮਿਲਣਗੇ 71 ਲੱਖ ਰੁਪਏ

ਸਰਕਾਰ ਦੀਆਂ ਅਜਿਹੀਆਂ ਬਹੁਤ ਸਾਰੀਆਂ ਯੋਜਨਾਵਾਂ ਹਨ ਜਿਨ੍ਹਾਂ ਵਿੱਚ ਨਿਵੇਸ਼ ਤੁਹਾਨੂੰ ਚੰਗਾ ਮੁਨਾਫਾ ਦੇ ਸਕਦਾ ਹੈ। ਭਾਰਤ ਸਰਕਾਰ ਬਹੁਤ ਸਾਰੀਆਂ ਸਕੀਮਾਂ ਚਲਾ ਰਹੀ ਹੈ ਜੋ ਤੁਹਾਡੇ ਬੱਚਿਆਂ ਦੇ ਭਵਿੱਖ ਉਤੇ ਕੇਂਦ੍ਰਿਤ ਹਨ ਅਤੇ ਤੁਹਾਨੂੰ ਚੰਗਾ ਰਿਟਰਨ ਦੇ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਸਰਕਾਰੀ ਯੋਜਨਾ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਤੁਹਾਨੂੰ ਟੈਕਸ ਲਾਭ ਦੇ ਨਾਲ-ਨਾਲ ਜ਼ਿਆਦਾ ਰਕਮ ਦਾ ਫਾਇਦਾ ਮਿਲੇਗਾ।

ਭਾਰਤ ਸਰਕਾਰ ਦੀ ਇਹ ਸਕੀਮ ਧੀਆਂ ‘ਉਤੇ ਕੇਂਦਰਿਤ ਹੈ ਜਿਸ ਵਿੱਚ ਦੇਸ਼ ਦਾ ਕੋਈ ਵੀ ਨਾਗਰਿਕ ਆਪਣੀ 10 ਸਾਲ ਜਾਂ ਇਸ ਤੋਂ ਘੱਟ ਉਮਰ ਦੀ ਬੇਟੀ ਲਈ ਇਸ ਸਕੀਮ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਸਕਦਾ ਹੈ। ਇਹ ਸਕੀਮ ਸੁਕੰਨਿਆ ਸਮ੍ਰਿਧੀ ਯੋਜਨਾ ਹੈ ਜਿਸ ਦੇ ਤਹਿਤ ਕੋਈ ਵੀ ਸਾਲਾਨਾ ਘੱਟੋ-ਘੱਟ 250 ਰੁਪਏ ਜਮ੍ਹਾ ਕਰ ਸਕਦਾ ਹੈ। ਜਦੋਂ ਕਿ ਵੱਧ ਤੋਂ ਵੱਧ 1.5 ਲੱਖ ਰੁਪਏ ਜਮ੍ਹਾ ਕਰਵਾਏ ਜਾ ਸਕਦੇ ਹਨ।

ਸੁਕੰਨਿਆ ਸਮ੍ਰਿਧੀ ਯੋਜਨਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਅੱਜ ਦੇਸ਼ ਭਰ ਵਿੱਚ ਸ਼ੁਰੂ ਕੀਤੀਆਂ ਗਈਆਂ ਸਰਕਾਰੀ ਯੋਜਨਾਵਾਂ ਵਿੱਚੋਂ ਇਹ ਸਭ ਤੋਂ ਵੱਧ ਵਿਆਜ ਦੇਣ ਵਾਲੀਆਂ ਯੋਜਨਾਵਾਂ ਵਿੱਚੋਂ ਇੱਕ ਹੈ, ਜਿਸ ਦੇ ਖਾਤਾ ਧਾਰਕਾਂ ਨੂੰ ਹਰ ਸਾਲ 8.2 ਪ੍ਰਤੀਸ਼ਤ ਦੀ ਦਰ ਨਾਲ ਵਿਆਜ ਦਿੱਤਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਕੁਝ ਸਾਲਾਂ ਲਈ ਇੱਕ ਨਿਸ਼ਚਿਤ ਰਕਮ ਦਾ ਨਿਵੇਸ਼ ਕਰਕੇ ਤੁਸੀਂ ਆਪਣੀ ਧੀ ਲਈ 71 ਲੱਖ ਰੁਪਏ ਤੋਂ ਵੱਧ ਦੀ ਰਕਮ ਤਿਆਰ ਕਰ ਸਕਦੇ ਹੋ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਤਹਿਤ ਕੋਈ ਵੀ ਭਾਰਤੀ ਨਾਗਰਿਕ ਆਪਣੀ ਬੇਟੀ ਦੇ ਨਾਂ ਉਤੇ ਇਹ ਯੋਜਨਾ ਸ਼ੁਰੂ ਕਰ ਸਕਦਾ ਹੈ। ਇਸ ਸਕੀਮ ਲਈ ਯੋਗ ਹੋਣ ਲਈ ਬੇਟੀ ਦੀ ਉਮਰ 0 ਤੋਂ 10 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਹ ਸਕੀਮ ਡਾਕਖਾਨੇ ਦੀ ਕਿਸੇ ਵੀ ਸ਼ਾਖਾ ਵਿੱਚ ਖੋਲ੍ਹੀ ਜਾ ਸਕਦੀ ਹੈ। ਇਸ ਸਕੀਮ ਦੇ ਤਹਿਤ ਤੁਸੀਂ ਕੁੱਲ 15 ਸਾਲਾਂ ਲਈ ਨਿਵੇਸ਼ ਕਰ ਸਕਦੇ ਹੋ, ਉਸ ਤੋਂ ਬਾਅਦ ਪੂਰੀ ਰਕਮ 21 ਸਾਲ ਪੂਰੇ ਹੋਣ ਉਤੇ ਪਰਿਪੱਕਤਾ ‘ਤੇ ਦਿੱਤੀ ਜਾਵੇਗੀ।

Advertisement