CM ਭਗਵੰਤ ਮਾਨ ਦਿੱਲੀ ‘ਚ ਕਰਨਗੇ ਚੋਣ ਪ੍ਰਚਾਰ, 11 ਮਈ ਨੂੰ ਹੋਵੇਗਾ ਰੋਡ ਸ਼ੋਅ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਸਮਰਥਨ ਵਿੱਚ ਪ੍ਰਚਾਰ ਕਰਨਗੇ। ਉਹ ਦਿੱਲੀ ‘ਚ ਰੋਡ ਸ਼ੋਅ ਕਰਦੇ ਨਜ਼ਰ ਆਉਣਗੇ। ਉਨ੍ਹਾਂ ਦੇ ਰੋਡ ਸ਼ੋਅ ਦਾ ਪ੍ਰੋਗਰਾਮ ਤੈਅ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਹ 11 ਮਈ ਨੂੰ ਰਾਜਧਾਨੀ ਦਿੱਲੀ ਦੀਆਂ ਪੂਰਬੀ ਅਤੇ ਦੱਖਣੀ ਸੀਟਾਂ ‘ਤੇ ਚੋਣ ਪ੍ਰਚਾਰ ਕਰਨਗੇ। ਦੋਵਾਂ ਸੀਟਾਂ ‘ਤੇ ਭਾਜਪਾ ਅਤੇ ‘ਆਪ’ ਵਿਚਾਲੇ ਮੁਕਾਬਲਾ ਹੈ। ‘ਆਪ’ ਵਰਕਰ ਸੀਐਮ ਮਾਨ ਦੇ ਦੌਰੇ ਅਤੇ ਰੋਡ ਸ਼ੋਅ ਦੀਆਂ ਤਿਆਰੀਆਂ ‘ਚ ਜੁਟੇ ਹੋਏ ਹਨ।

ਪੰਜਾਬ ਦੇ ਮੁੱਖ ਮੰਤਰੀ ਪੂਰਬੀ ਦਿੱਲੀ ਤੋਂ ਕੁਲਦੀਪ ਕੁਮਾਰ ਅਤੇ ਦੱਖਣੀ ਦਿੱਲੀ ਸੀਟ ਤੋਂ ਸਹਿਰਾਮ ਪਹਿਲਵਾਨ ਲਈ ਚੋਣ ਪ੍ਰਚਾਰ ਕਰਨਗੇ। ਦੱਖਣੀ ਦਿੱਲੀ ਸੀਟ ‘ਤੇ ਕੁਲਦੀਪ ਕੁਮਾਰ ਦਾ ਮੁਕਾਬਲਾ ਭਾਜਪਾ ਦੇ ਹਰਸ਼ ਮਲਹੋਤਰਾ ਅਤੇ ਸਹਿਰਾਮ ਪਹਿਲਵਾਨ ਦਾ ਮੁਕਾਬਲਾ ਭਾਜਪਾ ਦੇ ਰਾਮਵੀਰ ਬਿਧੂੜੀ ਨਾਲ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਵਿੱਚ ਹੋਣ ਕਾਰਨ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਦੇ ਹੋਰ ਆਗੂ ਅਤੇ ਮੰਤਰੀ ਸੰਭਾਲ ਰਹੇ ਹਨ, ਜਦੋਂਕਿ ਸੀਐਮ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦਿੱਲੀ ਵਿੱਚ ਰੋਡ ਸ਼ੋਅ ਵੀ ਕੀਤਾ। ਦਿੱਲੀ ਵਿੱਚ ਛੇਵੇਂ ਪੜਾਅ ਤਹਿਤ 25 ਮਈ ਨੂੰ ਵੋਟਾਂ ਪੈਣਗੀਆਂ।

ਰਾਜਧਾਨੀ ਦਿੱਲੀ ਵਿੱਚ 1.52 ਕਰੋੜ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਪਿਛਲੀਆਂ ਚੋਣਾਂ ਦੇ ਮੁਕਾਬਲੇ ਵੋਟਰਾਂ ਦੀ ਗਿਣਤੀ ਵਿੱਚ 2.52 ਲੱਖ ਦਾ ਵਾਧਾ ਹੋਇਆ ਹੈ। ਚੋਣ ਕਮਿਸ਼ਨ ਨੇ ਦਿੱਲੀ ਵਿੱਚ 13637 ਪੋਲਿੰਗ ਸਟੇਸ਼ਨ ਬਣਾਏ ਹਨ। ਇਸ ਦੇ ਲਈ ਇੱਕ ਲੱਖ ਤੋਂ ਵੱਧ ਮੁਲਾਜ਼ਮਾਂ ਦੀ ਡਿਊਟੀ ਵੀ ਲਗਾਈ ਜਾਵੇਗੀ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਚੋਣਾਂ ਦੌਰਾਨ ਸੁਰੱਖਿਆ ਲਈ ਸੀਏਪੀਐਫ, ਹੋਮ ਗਾਰਡ ਅਤੇ ਦਿੱਲੀ ਪੁਲੀਸ ਦੇ ਜਵਾਨ ਤਾਇਨਾਤ ਕੀਤੇ ਜਾਣਗੇ। ਗਰਮੀਆਂ ਦੇ ਮੌਸਮ ਦੇ ਮੱਦੇਨਜ਼ਰ ਪੋਲਿੰਗ ਸਟੇਸ਼ਨਾਂ ਦੇ ਇੰਤਜ਼ਾਰ ਵਾਲੇ ਖੇਤਰਾਂ ਵਿੱਚ ਕੂਲਰਾਂ, ਪੱਖੇ ਅਤੇ ਠੰਡੇ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ।

Advertisement