MDH-Everest ਮਸਾਲਿਆਂ ਨੂੰ ਮਿਲੀ ਕਲੀਨ ਚਿਟ, ਸੈਂਪਲਾਂ ‘ਚ ਨਹੀਂ ਮਿਲਿਆ ਕੈਂਸਰ ਲਈ ਜ਼ਿੰਮੇਵਾਰ ETO

ਭਾਰਤੀ ਬਾਜ਼ਾਰ ਵਿੱਚ ਉਪਲਬਧ ਮਸਾਲਿਆਂ ਲਈ ਲਏ ਗਏ ਨਮੂਨਿਆਂ ਵਿੱਚ ਐਥੀਲੀਨ ਆਕਸਾਈਡ (ਈਟੀਓ) ਦੀ ਮੌਜੂਦਗੀ ਨਹੀਂ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਇਹ ਜਾਣਕਾਰੀ ਦਿੱਤੀ। ਦਰਅਸਲ, ਸਿੰਗਾਪੁਰ ਅਤੇ ਹਾਂਗਕਾਂਗ ਵਿੱਚ ਮਸ਼ਹੂਰ ਮਸਾਲੇ ਬ੍ਰਾਂਡਾਂ MDH ਅਤੇ Everest ਅਤੇ ETO ਦੀ ਮੌਜੂਦਗੀ ਨੂੰ ਲੈ ਕੇ ਸਵਾਲ ਉਠਾਏ ਜਾਣ ਤੋਂ ਬਾਅਦ FSSAI ਨੇ ਮਸਾਲਿਆਂ ਦੇ ਸੈਂਪਲ ਲਏ ਸਨ, ਜਿਸ ਦੇ ਨਤੀਜੇ ਹੁਣ ਸਾਹਮਣੇ ਆਏ ਹਨ।

ਨਿਗਰਾਨੀ ਸੰਸਥਾ ਨੇ ਐਵਰੈਸਟ ਮਸਾਲਿਆਂ ਦੀਆਂ ਦੋ ਮੈਨੂਫੈਕਚਰਿੰਗ ਯੂਨਿਟਾਂ ਤੋਂ 9 ਨਮੂਨੇ ਟੈਸਟਿੰਗ ਲਈ ਲਏ ਸਨ, ਜਦੋਂ ਕਿ MDH ਦੀਆਂ 11 ਮੈਨੂਫੈਕਚਰਿੰਗ ਯੂਨਿਟਾਂ ਤੋਂ 25 ਨਮੂਨੇ ਲਏ ਗਏ ਸਨ। ਲਏ ਗਏ ਕੁੱਲ 34 ਸੈਂਪਲਾਂ ਵਿੱਚੋਂ 28 ਦੀ ਰਿਪੋਰਟ ਆ ਚੁੱਕੀ ਹੈ ਅਤੇ ਇਨ੍ਹਾਂ ਵਿੱਚ ਈਟੀਓ ਦੀ ਕੋਈ ਮੌਜੂਦਗੀ ਨਹੀਂ ਹੈ। ਇਸ ਦੇ ਨਾਲ ਹੀ ਹੋਰ ਬ੍ਰਾਂਡਾਂ ਦੇ ਮਸਾਲਿਆਂ ਦੇ 300 ਸੈਂਪਲਾਂ ਵਿੱਚੋਂ ਕਿਸੇ ਵਿੱਚ ਵੀ ਈ.ਟੀ.ਓ. ਨਹੀਂ ਪਾਇਆ ਗਿਆ।

ਦਸ ਦੇਈਏ ਕਿ FSSAI ਨੇ ਕਿਹਾ ਕਿ ਹੋਰ ਮਾਪਦੰਡਾਂ ‘ਤੇ ਵੀ ਭਾਰਤੀ ਬਾਜ਼ਾਰ ਵਿਚ ਉਪਲਬਧ ਮਸਾਲਿਆਂ ਨੇ ਟੈਸਟ ਪਾਸ ਕੀਤਾ ਹੈ। ਵੱਖ-ਵੱਖ ਦੇਸ਼ਾਂ ‘ਚ ਸਵਾਲ ਉੱਠਣ ਤੋਂ ਬਾਅਦ 22 ਅਪ੍ਰੈਲ ਨੂੰ ਦੇਸ਼ ਦੇ ਸਾਰੇ ਫੂਡ ਕਮਿਸ਼ਨਰਾਂ ਨੂੰ ਮਸਾਲਿਆਂ ਦੇ ਸੈਂਪਲ ਲੈਣ ਦੇ ਹੁਕਮ ਦਿੱਤੇ ਗਏ ਸਨ। ਹਾਂਗਕਾਂਗ ਅਤੇ ਸਿੰਗਾਪੁਰ ਨੇ ਅਪ੍ਰੈਲ ਵਿੱਚ ਪ੍ਰਸਿੱਧ ਮਸਾਲੇ ਬ੍ਰਾਂਡਾਂ MDH ਅਤੇ Everest ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਸੀ ਕਿਉਂਕਿ ਉਨ੍ਹਾਂ ਦੇ ਉਤਪਾਦਾਂ ਵਿੱਚ ਕਾਰਸੀਨੋਜਨਿਕ ਕੈਮੀਕਲ ETO ਦੀ ਮੌਜੂਦਗੀ ਪਾਈ ਗਈ ਸੀ। ਅਜਿਹਾ ਹੀ ਕਦਮ ਚੁੱਕਦੇ ਹੋਏ ਨੇਪਾਲ ਨੇ ਵੀ ਮਈ ‘ਚ ਭਾਰਤੀ ਮਸਾਲਿਆਂ ਦੀ ਵਰਤੋਂ ਬੰਦ ਕਰ ਦਿੱਤੀ ਸੀ। ਵਿੱਤੀ ਸਾਲ 2023-24 ਵਿੱਚ ਭਾਰਤ ਦਾ ਮਸਾਲਾ ਨਿਰਯਾਤ ਕੁੱਲ 4.25 ਬਿਲੀਅਨ ਡਾਲਰ ਸੀ, ਜੋ ਕਿ ਵਿਸ਼ਵਵਿਆਪੀ ਮਸਾਲਾ ਨਿਰਯਾਤ ਦਾ 12 ਪ੍ਰਤੀਸ਼ਤ ਸੀ।

Advertisement